ਅੰਮ੍ਰਿਤਸਰ : ਤਰਨਤਾਰਨ ਦੇ ਲਾਅ ਕਾਲਜ ਵਿੱਚ ਅੱਜ ਇੱਕ ਨੌਜਵਾਨ ਨੇ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਸੰਦੀਪ ਕੌਰ (20) ਵਜੋਂ ਹੋਈ ਹੈ, ਜਦਕਿ ਲੜਕੇ ਦੀ ਪਛਾਣ ਪ੍ਰਿੰਸਰਾਜ ਸਿੰਘ ਵਜੋਂ ਹੋਈ ਹੈ। ਇਹ ਵਾਰਦਾਤ ਉਸਮਾ ਪਿੰਡ ਵਿੱਚ ਹੋਈ। ਦੋਵੇਂ ਹੀ ਲਾਅ ਕਾਲਜ ਦੇ ਵਿਦਿਆਰਥੀ ਸਨ। ਪੁਲਿਸ ਨੇ ਪੂਰੇ ਲਾਅ ਕਾਲਜ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਅੰਦਰਲੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ ਤਾਂ ਜੋ ਘਟਨਾ ਦੇ ਪੂਰੇ ਸਿਲਸਿਲੇ ਨੂੰ ਸਪੱਸ਼ਟ ਕੀਤਾ ਜਾ ਸਕੇ।
ਸਾਹਮਣੇ ਆਈ ਘਟਨਾ ਦੀ ਸੀਸੀਟੀਵੀ (CCTV) ਫੁਟੇਜ ‘ਚ ਨਜ਼ਰ ਆਉਂਦਾ ਹੈ ਕਿ ਕਲਾਸਰੂਮ ਵਿੱਚ ਬੈਠੀ ਕੁੜੀ ਨੂੰ ਨੌਜਵਾਨ ਪਹਿਲਾਂ ਗੋਲੀ ਮਾਰਦਾ ਹੈ, ਫਿਰ ਦੁਬਾਰਾ ਪਿਸਤੌਲ ਲੋਡ ਕਰਕੇ ਆਪਣੇ ਸਿਰ ਵਿੱਚ ਗੋਲੀ ਮਾਰ ਲੈਂਦਾ ਹੈ ਅਤੇ ਉੱਥੇ ਹੀ ਡਿੱਗ ਪੈਂਦਾ ਹੈ। ਨੌਜਵਾਨ ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਸੀ। ਪੁਲਿਸ ਨੇ ਦੱਸਿਆ ਕਿ ਕੁੜੀ ਬੈਂਚ ‘ਤੇ ਬੈਠੀ ਸੀ। ਅਜੇ ਕਲਾਸ ਸ਼ੁਰੂ ਨਹੀਂ ਹੋਈ ਸੀ। ਇਸ ਦੌਰਾਨ ਨੌਜਵਾਨ ਨੇ ਕੁੜੀ ਨੂੰ ਗੋਲੀ ਮਾਰ ਦਿੱਤੀ, ਗੋਲੀ ਲੱਗਦੇ ਹੀ ਉਸ ਨੇ ਮੌਕੇ ‘ਤੇ ਦਮ ਤੋੜ ਦਿੱਤਾ। ਇਸ ਦੌਰਾਨ ਲੜਕੇ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ।
ਪੁਲਿਸ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਨੌਜਵਾਨ ਕੋਲ ਪਿਸਤੌਲ ਕਿੱਥੋਂ ਆਇਆ। ਪੁਲਿਸ ਇਹ ਵੀ ਚੈੱਕ ਕਰ ਰਹੀ ਹੈ ਕਿ ਕਿਤੇ ਉਸ ਦੇ ਪਿਤਾ ਕੋਲ ਲਾਇਸੈਂਸੀ ਪਿਸਤੌਲ ਤਾਂ ਨਹੀਂ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਫਿਰ ਇਹ ਪਿਸਤੌਲ ਗੈਰ-ਕਾਨੂੰਨੀ (ਅਵੈਧ) ਹੋ ਸਕਦਾ ਹੈ। ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਘਟਨਾ ਦਾ ਪਤਾ ਲਗਦੇ ਹੀ ਪਰਿਵਾਰਕ ਮੈਂਬਰ ਵੀ ਕਾਲਜ ਪੁੱਜੇ। ਉਨ੍ਹਾਂ ਕਿਹਾ ਕਿ ਕੁੜੀ ਦਾ ਸਰੀਰ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੀ। ਉਸਦੇ ਦਿਮਾਗ ਵਿੱਚ ਗੋਲੀ ਲੱਗੀ ਸੀ। ਮ੍ਰਿਤਕ ਵਿਦਿਆਰਥਣ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦੀਆਂ ਛੇ ਭੈਣਾਂ ਅਤੇ ਇੱਕ ਛੋਟਾ ਭਰਾ ਹੈ। ਪਰਿਵਾਰ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਾਲਜ ਪ੍ਰਬੰਧਨ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
