ਲਹਿਰਾਗਾਗਾ, 21 ਦਸੰਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਮੋਦੀ ਅਤੇ ਕਾਰਪੋਰਟਰਾਂ ਖਿਲਾਫ਼ ਰਿਲਾਇੰਸ ਪੰਪ ਅੱਗੇ ਸ਼ੁਰੂ ਕੀਤਾ ਪੱਕਾ ਧਰਨਾ ਅੱਜ 82 ਵੇਂ ਦਿਨ ’ਚ ਦਾਖਲ ਹੋ ਗਿਆ। ਇਸੇ ਦੌਰਾਨ ਜਥੇਬੰਦੀ ਦੇ ਸੈਂਕੜੇ ਲੋਕ ਇਥੇ ਪਾਵਰਕੌਮ ਦੇ ਐਕਸੀਅਨ ਦਫ਼ਤਰ ਅੱਗੇ ਧਰਨੇ ’ਤੇ ਬੈਠ ਗਏ। ਉਨ੍ਹਾਂ ਇਸ ਮੌਕੇ ਪਾਵਰਕੌਮ ਅਤੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਜਥੇਬੰਦੀ ਦੇ ਉਪ ਪ੍ਰਧਾਨ ਜਨਕ ਸਿੰਘ ਭੁਟਾਲ, ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ,ਹਰਜਿੰਦਰ ਸਿੰਘ ਨੰਗਲਾ, ਹਰਸੇਵਕ ਸਿੰਘ ਲਹਿਲ ਖੁਰਦ, ਜਗਸੀਰ ਸਿੰਘ ਖੰਡੇਬਾਦ,ਰਾਮਚੰਦ ਸਿੰਘ ਚੋਟੀਆਂ,ਰਾਮ ਸਿੰਘ ਨੰਗਲਾ,ਬਲਜੀਤ ਸਿੰਘ ਗੋਬਿੰਦਗੜ੍ਹ ਨੇ ਸੰਬੋਧਨ ਕੀਤੀ। ਬੁਲਾਰਿਆਂ ਨੇ ਇਸ ਮੌਕੇ ਕਿਹਾ ਕਿ ਬਿਜਲੀ ਸਪਲਾਈ ’ਚ ਲਗਾਤਾਰ ਚਾਰ ਦਸੰਬਰ ਨੂੰ ਦਿੱਤੇ ਧਰਨੇ ’ਚ ਪਾਵਰਕੌਮ ਦੇ ਐਕਸੀਅਨ ਇੰਜ. ਕੁਲਰਾਜ ਸਿੰਘ ਨੇ ਕਿਸਾਨਾਂ ਨੂੰ ਬਿਜਲੀ ਸਪਲਾਈ ਨਿਰੰਤਰ ਦੇਣ ਦਾ ਭਰੋਸਾ ਦਿਵਾਇਆ ਸੀ ਪਰ ਸਿਰਫ ਦੋ ਦਿਨ ਹੀ ਬਿਜਲੀ ਸਪਲਾਈ ਠੀਕ ਰਹੀ ਅਤੇ ਮੁੜ ਪਿੰਡਾਂ ’ਚ ਰਾਤ ਸਮੇਂ 6-8 ਵਜੇ ਤੱਕ ਕੱਟਾਂ ਤੋਂ ਇਲਾਵਾ ਖੇਤੀ ਲਈ ਸਿਰਫ 6 ਘੰਟੇ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਪਰ 6 ਘੰਟੇ ’ਚ ਪੰਜ ਕੱਟ ਲਾਏ ਜਾਂਦੇ ਹਨ। ਉਨ੍ਹਾਂ ਖੇਤੀ ਲਈ ਨਿਰਵਿਘਨ ਸਪਲਾਈ ਲਗਾਤਾਰ ਦੇਣ ਦੀ ਮੰਗ ਕੀਤੀ।