ਕਾਠਮੰਡੂ, 22 ਅਗਸਤ
ਨੇਪਾਲ ਦੀ ਸਿਖਰਲੀ ਜਾਂਚ ਏਜੰਸੀ ਨੇ ਲਲਿਤਾ ਨਿਵਾਸ ਜ਼ਮੀਨ ਘੁਟਾਲੇ ’ਚ ਕਥਿਤ ਭੂਮਿਕਾ ਹੋਣ ਲਈ ਦੇਸ਼ ਦੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਮਾਧਵ ਕੁਮਾਰ ਨੇਪਾਲ ਤੇ ਬਾਬੂਰਾਮ ਭੱਟਰਾਈ ਤੋਂ ਪਹਿਲੀ ਵਾਰ ਪੁੱਛ ਪੜਤਾਲ ਕੀਤੀ ਹੈ। ਜਾਂਚ ਏਜੰਸੀ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਹ ਜ਼ਮੀਨੀ ਘੁਟਾਲਾ ਇਨ੍ਹਾਂ ਦੋਵਾਂ ਆਗੂਆਂ ਦੇ ਪ੍ਰਧਾਨ ਮੰਤਰੀ ਹੋਣ ਸਮੇਂ ਹੋਇਆ ਸੀ। ਉਨ੍ਹਾਂ ਦੀ ਅਗਵਾਈ ਹੇਠਲੇ ਮੰਤਰੀ ਮੰਡਲ ਨੇ ਇਸ ਮਾਮਲੇ ’ਚ ਨੀਤੀ ਪੱਧਰ ਦੇ ਫ਼ੈਸਲੇ ਲਏ ਸੀ।

ਕੇਂਦਰੀ ਜਾਂਚ ਬਿਊਰੋ (ਸੀਆਈਬੀ) ਦੇ ਬੁਲਾਰੇ ਨਵਰਾਜ ਅਧਿਕਾਰੀ ਨੇ ਦੱਸਿਆ ਕਿ ਘੁਟਾਲੇ ਦੀ ਜਾਂਚ ਦੇ ਸਿਲਸਿਲੇ ’ਚ ਲੰਘੀ ਰਾਤ ਨੇਪਾਲ ਤੇ ਭੱਟਰਾਈ ਤੋਂ ਪੁੱਛ ਪੜਤਾਲ ਕੀਤੀ ਗਈ ਹੈ।

ਉਨ੍ਹਾਂ ’ਤੇ ਦੋਸ਼ ਹੈ ਕਿ ਸਰਕਾਰ ਦੀ ਕੀਮਤੀ ਜ਼ਮੀਨ ਦਾ ਇੱਕ ਵੱਡਾ ਹਿੱਸਾ ਕੁਝ ਦਲਾਲਾਂ ਨੇ ਸੀਨੀਅਰ ਸਰਕਾਰੀ ਅਧਿਕਾਰੀਆਂ ਤੇ ਕੁਝ ਸਿਆਸੀ ਆਗੂਆਂ ਦੀ ਮਦਦ ਨਾਲ ਫਰਜ਼ੀ ਮਾਲਕ ਬਣਾ ਕੇ ਹੜੱਪ ਲਿਆ ਸੀ। ਨਵਰਾਜ ਨੇ ਕਿਹਾ ਕਿ ਨੇਪਾਲ ਪੁਲੀਸ ਦੇ ਸੀਆਈਬੀ ਅਧਿਕਾਰੀਆਂ ਨੇ ਕਾਠਮੰਡੂ ਦੇ ਬਾਲੁਵਤਾਰ ’ਚ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ ਨਾਲ ਲਗਦੀ ਕੀਮਤੀ ਜ਼ਮੀਨ ਨੂੰ ਹਥਿਆਉਣ ਨਾਲ ਸਬੰਧਤ ਘੁਟਾਲੇ ਦੀ ਜਾਂਚ ਦੇ ਸਿਲਸਿਲੇ ’ਚ ਨੇਪਾਲ ਤੇ ਭੱਟਰਾਈ ਦੇ ਬਿਆਨ ਦਰਜ ਕੀਤੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਸੀਆਈਬੀ ਨੇ ਇਸ ਮਾਮਲੇ ’ਚ ਸਾਬਕਾ ਪ੍ਰਧਾਨ ਮੰਤਰੀਆਂ ਦੇ ਬਿਆਨ ਦਰਜ ਕੀਤੇ ਹਨ।