ਨਵੀਂ ਦਿੱਲੀ, 15 ਦਸੰਬਰ
ਲਖੀਮਪੁਰ ਖੀਰੀ ਹਿੰਸਾ ਮਾਮਲੇ ਸਬੰਧੀ ਰਿਪੋਰਟ ਨੂੰ ਲੈ ਕੇ ਵਿਰੋਧੀ ਧਿਰਾ ਵੱਲੋਂ ਹੰਗਾਮਾ ਕੀਤੇ ਜਾਣ ਕਰਕੇ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਨੇ ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੀਰੀ ਹਿੰਸਾ ਸਬੰਧੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਰਿਪੋਰਟ ਨੂੰ ਲੈ ਕੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਕਾਫੀ ਹੰਗਾਮਾ ਕੀਤਾ। ਜਿਸ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਲੱਗਪਗ ਅੱਧਾ ਘੰਟਾ ਬਾਅਦ ਹੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸੰਸਦ ਦੀ ਕਾਰਵਾਈ ਆਰੰਭ ਹੁੰਦਿਆਂ ਹੀ ਵਿਰੋਧੀ ਮੈਂਬਰ ਨਾਅਰੇਬਾਜ਼ੀ ਕਰਦਿਆਂ ਸਪੀਕਰ ਦੇ ਆਸਣ ਕੋਲ ਪਹੁੰਚ ਗਏ। ਉਨ੍ਹਾਂ ਨੇ ‘‘ਸਾਨੂੰ ਨਿਆਂ ਚਾਹੀਦੈ’’, ‘‘ਮੰਤਰੀ ਦਾ ਅਸਤੀਫ਼ਾ ਲਉ’’ ਅਤੇ ‘‘ਪ੍ਰਧਾਨ ਮੰਤਰੀ ਜਵਾਬ ਦੇਣ’’ ਆਦਿ ਨਾਅਰੇ ਲਾਏ। ਹੰਗਾਮਾ ਨਾ ਹਟਣ ’ਤੇ ਸਪੀਕਰ ਵੱਲੋਂ 11 ਵਜੇ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੋ ਵਜੇ ਜਦੋਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਲਖੀਮਪੁਰ ਹਿੰਸਾ ਨੂੰ ਲੈ ਕੇ ਦੁਬਾਰਾ ਰੋਸ ਸ਼ੁਰੂ ਕਰ ਦਿੱਤਾ। ਇਸ ਦੇ ਚੱਲਦਿਆਂ ਸਪੀਕਰ ਸੰਸਦ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਦੂਜੇ ਪਾਸੇ ਰਾਜ ਸਭਾ ਦੀ ਕਾਰਵਾਈ ਅੱਜ 2 ਵਜੇ ਦੁਬਾਰਾ ਸ਼ੁਰੂ ਹੋਈ ਪਰ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਮੁਅੱਤਲ ਕੀਤੇ 12 ਰਾਜ ਸਭ ਮੈਂਬਰਾਂ ਦੀ ਬਹਾਲੀ ਅਤੇ ਉਨ੍ਹਾਂ ਨੂੰ ਚਰਚਾ ’ਚ ਸ਼ਾਮਲ ਹੋਣ ਦੀ ਮੰਗ ਕੀਤੀ, ਜਿਸ ਕਰਕੇ ਸਦਨ ਦੀ ਕਾਰਵਾਈ ਫਿਰ 15 ਮਿੰਟਾਂ ਲਈ ਫਿਰ ਮੁਲਤਵੀ ਕਰ ਦਿੱਤੀ ਗਈ। ਜਦੋਂ ਡਿਪਟੀ ਸਪੀਕਰ ਹਰੀਵੰਸ਼ ਨਾਰਾਇਣ ਸਿੰਘ ਨੇ ਮੈਂਬਰਾਂ ਨੂੰ ਕਰੋਨਾ ਓਮੀਕਰੋਨ ਰੂਪ ਕਾਰਨ ਪੈਦਾ ਹੋ ਰਹੀ ਸਥਿਤੀ ’ਤੇ ਚਰਚਾ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ‘ਸੰਸਦ ਮੈਂਬਰਾਂ ਦੀ ਮੁਅੱਤਲੀ’ ਦਾ ਮੁੱਦਾ ਚੁੱਕਣਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਮੁੱਦਾ ਉਠਾਉਣ ਦੇਣ ਦੀ ਮੰਗ ਕੀਤੀ ਪਰ ਡਿਪਟੀ ਸਪੀਕਰ ਵੱਲੋਂ ਆਗਿਆ ਨਾ ਦਿੱਤੀ ਗਈ। ਤ੍ਰਿਣਮੂਲ ਕਾਂਗਰਸ ਦੀ ਮੈਂਬਰ ਸੁਸ਼ਮਿਤਾ ਦੇਬ ਨੇ ਡਿਪਟੀ ਚੇਅਰਮੈਨ ਨੂੰ ਕਿਹਾ, ‘‘ਮੁਅੱਤਲੀ ਦਾ ਮੁੱਦਾ ਵੀ ਓਮੀਕਰੋਨ ਵਾਂਗ ਹੀ ਅਹਿਮ ਹੈ ਅਤੇ ਮੁਅੱਤਲ ਮੈਂਬਰਾਂ ਨੂੰ ਬਹਿਸ ’ਚ ਸ਼ਾਮਲ ਹੋਣ ਆਗਿਆ ਦਿੱਤੀ ਜਾਣੀ ਚਾਹੀਦੀ ਹੈ।’’