ਨਵੀਂ ਦਿੱਲੀ, 11 ਜਨਵਰੀ

ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੁਣਵਾਈ ਕਰ ਰਹੇ ਸੈਸ਼ਨ ਜੱਜ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਆਮ ਤੌਰ ‘ਤੇ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ‘ਚ ਪੰਜ ਸਾਲ ਲੱਗ ਸਕਦੇ ਹਨ। ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਵੀ ਮੁਲਜ਼ਮ ਹੈ। ਸੁਪਰੀਮ ਕੋਰਟ ਨੂੰ ਲਿਖੇ ਪੱਤਰ ਵਿੱਚ ਵਧੀਕ ਸੈਸ਼ਨ ਜੱਜ ਨੇ ਕਿਹਾ ਹੈ ਕਿ ਕੇਸ ਵਿੱਚ ਇਸਤਗਾਸਾ ਪੱਖ ਦੇ 208 ਗਵਾਹ, 171 ਦਸਤਾਵੇਜ਼ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਲ) ਦੀਆਂ 27 ਰਿਪੋਰਟਾਂ ਹਨ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵੀ. ਰਾਮਸੁਬਰਾਮਣੀਅਨ ਦੇ ਬੈਂਚ ਨੇ ਕਿਹਾ, ‘ਉਹ (ਸੈਸ਼ਨ ਜੱਜ) ਕਹਿ ਰਹੇ ਹਨ ਕਿ ਆਮ ਹਾਲਤਾਂ ਵਿੱਚ ਪੰਜ ਸਾਲ ਲੱਗ ਸਕਦੇ ਹਨ।’ ਸਿਖਰਲੀ ਅਦਾਲਤ ਨੇ ਪਿਛਲੇ ਮਹੀਨੇ ਸੈਸ਼ਨ ਅਦਾਲਤ ਨੂੰ ਪੁੱਛਿਆ ਸੀ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੁਣਵਾਈ ਨੂੰ ਪੂਰਾ ਕਰਨ ਲਈ ਉਸ ਅਦਾਲਤ ਵਿੱਚ ਹੋਰ ਕੇਸਾਂ ਦੀ ਸੁਣਵਾਈ ਸਮਾਂ-ਸੂਚੀ ਨਾਲ ਸਮਝੌਤਾ ਕੀਤੇ ਬਿਨਾਂ ਆਮ ਤੌਰ ‘ਤੇ ਕਿੰਨਾ ਸਮਾਂ ਲੱਗ ਸਕਦਾ ਹੈ।