ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼), 5 ਫਰਵਰੀ

ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਿੰਡ ਤਿਕੋਨੀਆ ਵਿੱਚ ਪਿਛਲੇ ਸਾਲ 3 ਅਕਤੂਬਰ ਨੂੰ ਜੀਪ ਵੱਲੋਂ ਟੱਕਰ ਮਾਰ ਕੇ ਸ਼ਹੀਦ ਕੀਤੇ ਕਿਸਾਨ ਨਛੱਤਰ ਸਿੰਘ ਦੇ ਪੁੱਤਰ ਨੇ ਇਲਾਕੇ ਦੇ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ‘ਟੈਨੀ’ ਖ਼ਿਲਾਫ਼ ਸਾਲ 2024 ਦੀਆਂ ਲੋਕ ਸਭਾ ਚੋਣਾਂ ਲੜਨ ਦੀ ਇੱਛਾ ਪ੍ਰਗਟਾਈ ਹੈ। ਪਿਛਲੇ ਸਾਲ 3 ਅਕਤੂਬਰ ਨੂੰ ਤਿਕੋਨੀਆ ਪਿੰਡ ਵਿੱਚ ਕਿਸਾਨ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਵਿੱਚ ਨਛੱਤਰ ਸਿੰਘ ਸਮੇਤ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿੱਚ ਪੱਤਰਕਾਰ ਸਮੇਤ ਚਾਰ ਹੋਰਾਂ ਦੀ ਵੀ ਮੌਤ ਹੋ ਗਈ ਸੀ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ‘ਟੇਨੀ’ ਦੇ ਪੁੱਤਰ ਆਸ਼ੀਸ਼ ਨੂੰ ਇਸ ਮਾਮਲੇ ‘ਚ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਲਖੀਮਪੁਰ ਦੇ ਧੌਰਹਰਾ ਇਲਾਕੇ ਦੇ ਪਿੰਡ ਨਾਮਦਾਰ ਪੁਰਵਾ ਵਾਸੀ ਜਗਦੀਪ ਸਿੰਘ ਪੁੱਤਰ ਨਛੱਤਰ ਸਿੰਘ ਨੇ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਨੇ ਉਸ ਨੂੰ ਧੌਰਹਰਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਟੇਨੀ ਨਾਲ ਸਿੱਧਾ ਮੁਕਾਬਲਾ ਕਰਨਾ ਚਾਹੇਗਾ। ਉਨ੍ਹਾਂ ਕਿਹਾ, ‘ਸਪਾ ਅਤੇ ਕਾਂਗਰਸ ਨੇ ਜ਼ੋਰ ਦਿੱਤਾ ਕਿ ਮੈਨੂੰ ਉਨ੍ਹਾਂ ਦੀ ਪਾਰਟੀ ਦੀ ਟਿਕਟ ‘ਤੇ ਧੌਰਹਰਾ ਸੀਟ ਤੋਂ ਚੋਣ ਲੜਨੀ ਚਾਹੀਦੀ ਹੈ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਛੋਟੀ ਲੜਾਈ ਨਹੀਂ ਲੜਾਂਗਾ। ਮੈਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਟਿਕਟ ਦਿਓ। ਮੈਂ ਟੈਨੀ ਨਾਲ ਸਿੱਧਾ ਲੜਾਂਗਾ।’