ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼), 7 ਅਕਤੂਬਰ

ਲਖੀਮਪੁਰ ਖੀਰੀ ਕਾਂਡ ਦੇ ਮੁੱਖ ਮੁਲਜ਼ਮ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਪੁਲੀਸ ਨੇ ਪੁੱਛ ਪੜਤਾਲ ਲਈ ਤਲਬ ਕੀਤਾ ਹੈ ਪਰ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਉਸ ਨੂੰ ਕਦੋਂ ਤਲਬ ਕੀਤਾ ਗਿਆ ਹੈ। ਲਖਨਊ ਜ਼ੋਨ ਦੀ ਆਈਜੀ ਲਕਸ਼ਮੀ ਸਿੰਘ ਨੇ ਅੱਜ ਦੱਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਅਤੇ ਲਖੀਮਪੁਰ ਘਟਨਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਪੁੱਛ ਪੜਤਾਲ ਲਈ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਆਸ਼ੀਸ਼ ਨਹੀਂ ਆਉਂਦਾ ਤਾਂ ਇਸ ਸਬੰਧੀ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਵੇਗੀ। ਇਸ ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲੀਸ ਨੇ ਅਸ਼ੀਸ਼ ਪਾਂਡੇ ਅਤੇ ਲਵ ਕੁਸ਼ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਹਿੰਸਾ ਲਈ ਨਾਮਜ਼ਦ ਅਣਪਛਾਤਿਆਂ ਵਿੱਚ ਸ਼ਾਮਲ ਸਨ।