ਹਰਿੰਦਰ ਸਿੰਘ ਗੋਗਨਾ

ਰੱਖੜੀ ਦੇ ਤਿਉਹਾਰ ਵਿੱਚ ਕੁਝ ਹੀ ਦਿਨ ਬਾਕੀ ਸਨ। ਅਮਿਤੋਜ ਨੇ ਇਸ ਵਾਰ ਸੋਚ ਰੱਖਿਆ ਸੀ ਕਿ ਆਪਣੀ ਭੈਣ ਰੁਬੀਨੀਆ ਨੂੰ ਉਸ ਦੀ ਪਸੰਦ ਦਾ ਉਪਹਾਰ ਦੇਵੇਗਾ। ਅਮਿਤੋਜ ਨੂੰ ਪਤਾ ਸੀ ਕਿ ਰੁਬੀਨੀਆ ਕਿੰਨੀ ਵਾਰ ਪਾਪਾ ਕੋਲੋਂ ਨਵੇਂ ਸਮਾਰਟ ਫੋਨ ਦੀ ਮੰਗ ਕਰ ਚੁੱਕੀ ਸੀ। ਉਸ ਦਾ ਪੁਰਾਣਾ ਫੋਨ ਕਾਫ਼ੀ ਖਰਾਬ ਹੋ ਚੁੱਕਾ ਸੀ, ਪਰ ਰੁਬੀਨੀਆ ਦੇ ਪਾਪਾ ਦੇ ਵਿਭਾਗ ਵੱਲੋਂ ਕਈ ਮਹੀਨਿਆਂ ਤੋਂ ਸਮੇਂ ਸਿਰ ਤਨਖਾਹ ਨਹੀਂ ਸੀ ਮਿਲ ਰਹੀ। ਇਸ ਕਰਕੇ ਉਹ ਉਸ ਨੂੰ ਕੁਝ ਸਮਾਂ ਰੁਕਣ ਲਈ ਆਖ ਦਿੰਦੇ।

ਅਮਿਤੋਜ ਕ੍ਰਿਕਟ ਖੇਡਣ ਤੇ ਦੇਖਣ ਦਾ ਬੇਹੱਦ ਸ਼ੌਕੀਨ ਸੀ। ਇਸ ਲਈ ਉਹ ਕਦੇ ਵੀ ਕੋਈ ਕ੍ਰਿਕਟ ਮੈਚ ਵੇਖਣਾ ਨਹੀਂ ਸੀ ਭੁੱਲਦਾ। ਆਪਣਾ ਬੈਟ, ਗੇਂਦ ਤੇ ਵਿਕਟਾਂ ਲੈ ਕੇ ਉਹ ਆਪਣੇ ਕੁਝ ਦੋਸਤਾਂ ਨਾਲ ਲਾਗੇ ਦੇ ਮੈਦਾਨ ਵਿੱਚ ਕ੍ਰਿਕਟ ਖੇਡਣ ਵੀ ਜਾਂਦਾ ਸੀ। ਪੜ੍ਹਾਈ ਵਿੱਚ ਉਸ ਦੀ ਦਿਲਚਸਪੀ ਘਟਦੀ ਜਾ ਰਹੀ ਸੀ। ਜਿਸ ਪ੍ਰਤੀ ਉਸ ਦੇ ਮੰਮੀ-ਪਾਪਾ ਕਾਫ਼ੀ ਫ਼ਿਕਰਮੰਦ ਸਨ। ਉਹ ਉਸ ਨੂੰ ਕਈ ਵਾਰ ਸਮਝਾ ਚੁੱਕੇ ਸਨ ਕਿ ਭਵਿੱਖ ਵਿੱਚ ਪੜ੍ਹਾਈ ਬਹੁਤ ਜ਼ਰੂਰੀ ਹੈ, ਪਰ ਅਮਿਤੋਜ ਦੇ ਕੰਨੀਂ ਜੂੰ ਨਾ ਸਰਕਦੀ।

ਰੱਖੜੀ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਹੈ। ਰੁਬੀਨੀਆ ਨੇ ਦੇਖਿਆ ਅਮਿਤੋਜ ਟੀ.ਵੀ. ਵਿੱਚ ਕੋਈ ਕਾਰਟੂਨ ਵੇਖ ਰਿਹਾ ਸੀ। ਉਸ ਨੇ ਕੁਝ ਹੈਰਾਨੀ ਨਾਲ ਪੁੱਛਿਆ, ‘‘ਅਮਿਤੋਜ, ਅੱਜ ਕ੍ਰਿਕਟ ਲਈ ਮੈਦਾਨ ਵਿੱਚ ਨਹੀਂ ਗਿਆ? ਤੇਰੇ ਦੋਸਤ ਵੀ ਮੈਦਾਨ ਵਿੱਚ ਨਹੀਂ ਵਿਖ ਰਹੇ।’’ ਅਮਿਤੋਜ ਨੇ ਕਹਿ ਦਿੱਤਾ ਕਿ ਉਸ ਦੀ ਤਬੀਅਤ ਕੁਝ ਠੀਕ ਨਹੀਂ। ਇਸ ਲਈ ਨਹੀਂ ਗਿਆ।

ਅਗਲੇ ਦਿਨ ਰੱਖੜੀ ਦਾ ਤਿਉਹਾਰ ਸੀ। ਅਮਿਤੋਜ ਦੀ ਭੈਣ ਰੁਬੀਨੀਆ ਨੇ ਉਸ ਨੂੰ ਸਵੇਰੇ ਸਵੇਰੇ ਜਗਾਇਆ ਤੇ ਪਿਆਰ ਨਾਲ ਕਿਹਾ, ‘‘ਮੇਰੇ ਪਿਆਰੇ ਵੀਰ, ਅੱਜ ਰੱਖੜੀ ਹੈ ਕੁਝ ਯਾਦ ਹੈ ਕਿ ਨਹੀਂ…?’’

‘‘ਦੀਦੀ ਸੌਰੀ, ਮੈਂ ਅੱਜ ਲੇਟ ਹੋ ਗਿਆ…।’’ ਕਹਿ ਕੇ ਅਮਿਤੋਜ ਅੱਖਾਂ ਮਲਦਾ ਹੋਇਆ ਉੱਠ ਬੈਠਾ। ਫਿਰ ਬੋਲਿਆ, ‘‘ਮੈਨੂੰ ਪਤੈ ਕਿ ਅੱਜ ਰੱਖੜੀ ਹੈ ਤੇ ਮੈਂ ਕੱਲ੍ਹ ਤੇਰੇ ਵਾਸਤੇ ਇੱਕ ਉਪਹਾਰ ਵੀ ਲਿਆਇਆ ਸੀ ਜੋ ਮੈਂ ਸੰਭਾਲ ਕੇ ਰੱਖਿਆ ਹੈ।’’

ਕਹਿ ਕੇ ਅਮਿਤੋਜ ਨੇ ਅਲਮਾਰੀ ਵਿੱਚ ਛੁਪਾਇਆ ਤੇ ਕੱਲ੍ਹ ਹੀ ਲਿਆਂਦਾ ਇੱਕ ਪਿਆਰਾ ਜਿਹਾ ਸਮਾਰਟ ਫੋਨ ਰੁਬੀਨੀਆ ਵੱਲ ਵਧਾਇਆ।

‘‘ਵਾਹ, ਸਮਾਰਟ ਫੋਨ…।’’ ਵੇਖ ਕੇ ਰੁਬੀਨੀਆ ਦਾ ਚਿਹਰਾ ਖਿੜ ਗਿਆ, ਪਰ ਫਿਰ ਅਗਲੇ ਪਲ ਬੋਲੀ, ‘‘ਇੰਨੇ ਪੈਸੇ ਤੇਰੇ ਕੋਲ ਕਿੱਥੋਂ ਆਏ…?’’

‘‘ਇਹ ਨਾ ਪੁੱਛ…। ਅੰਬ ਖਾ ਪੇੜ ਨਾ ਗਿਣ…। ਤੇਰਾ ਵੀਰ ਬਹੁਤ ਮਾਲਦਾਰ ਐ…।’’ ਅਮਿਤੋਜ ਨੇ ਮੁਸਕਰਾ ਕੇ ਕੁਝ ਸ਼ੇਖੀ ਜਿਹੀ ਨਾਲ ਕਿਹਾ ਤਾਂ ਰੁਬੀਨੀਆ ਬੋਲੀ, ‘‘ਅੱਛਾ ਤਾਂ ਹੁਣ ਮੇਰਾ ਵੀਰ ਝੂਠ ਵੀ ਬੋਲਣ ਲੱਗ ਪਿਆ?’’

‘‘ਝੂਠ…?’’ ਅਮਿਤੋਜ ਕੁਝ ਹੈਰਤ ਨਾਲ ਰੁਬੀਨੀਆ ਵੱਲ ਵੇਖ ਕੇ ਬੋਲਿਆ।

‘‘ਜੀ ਹਾਂ। ਮੈਂ ਜਦੋਂ ਕੱਲ੍ਹ ਤੈਨੂੰ ਤੇਰੇ ਕ੍ਰਿਕਟ ਨਾ ਖੇਡਣ ਬਾਰੇ ਪੁੱਛਿਆ ਤਾਂ ਮੈਂ ਦੇਖਿਆ ਕਿ ਤੇਰਾ ਕ੍ਰਿਕਟ ਦਾ ਸਾਮਾਨ ਘਰ ਵਿੱਚ ਨਹੀਂ ਸੀ। ਫਿਰ ਤੇਰੇ ਦੋਸਤ ਵਿੰਨੀ ਤੋਂ ਪਤਾ ਲੱਗਾ ਕਿ ਤੂੰ ਆਪਣਾ ਪਿਆਰਾ ਕ੍ਰਿਕਟ ਦਾ ਸਾਮਾਨ ਸੰਜੂ ਨੂੰ ਵੇਚ ਦਿੱਤਾ ਤੇ ਆਪਣੇ ਵੀ ਪੈਸੇ ਪਾ ਕੇ ਮੇਰੇ ਲਈ ਫੋਨ ਲੈ ਆਇਆ।’’

ਅਮਿਤੋਜ ਨੇ ਆਪਣੀ ਭੈਣ ਕੋਲੋਂ ਆਪਣਾ ਛੁਪਾਇਆ ਸੱਚ ਸੁਣਿਆ ਤਾਂ ਥੋੜ੍ਹਾ ਸ਼ਰਮਿੰਦਾ ਹੋਇਆ ਤੇ ਫਿਰ ਬੋਲਿਆ, ‘‘ਪਰ ਦੀਦੀ, ਇੱਕ ਖੁਸ਼ੀ ਦੇ ਕੇ ਦੂਜੀ ਖੁਸ਼ੀ ਖਰੀਦਣ ਵਿੱਚ ਕੋਈ ਘਾਟਾ ਨਹੀਂ ਹੁੰਦਾ…। ਕੀ ਮੇਰਾ ਏਨਾ ਵੀ ਹੱਕ ਨਹੀਂ ਕਿ ਮੈਂ ਆਪਣੀ ਕੋਈ ਖੁਸ਼ੀ ਵੇਚ ਕੇ ਤੇਰੇ ਲਈ ਖੁਸ਼ੀ ਖਰੀਦ ਸਕਾਂ…?’’

‘‘ਬਿਲਕੁਲ ਨਹੀਂ। ਮੈਂ ਤੇਰੀ ਵੱਡੀ ਭੈਣ ਹਾਂ। ਤੇਰੀ ਖੁਸ਼ੀ ਖੋਹਣ ਦਾ ਮੈਨੂੰ ਕੋਈ ਹੱਕ ਨਹੀਂ।’’ ਕਹਿ ਕੇ ਰੁਬੀਨੀਆ ਨੇ ਦੂਜੇ ਕਮਰੇ ਵਿੱਚੋਂ ਅਮਿਤੋਜ ਵੱਲੋਂ ਸੰਜੂ ਨੂੰ ਵੇਚਿਆ ਕ੍ਰਿਕਟ ਦਾ ਸਾਮਾਨ ਲਿਆ ਕੇ ਅਮਿਤੋਜ ਦੇ ਅੱਗੇ ਰੱਖਦਿਆਂ ਕਿਹਾ, ‘‘ਮੈਂ ਸੰਜੂ ਨੂੰ ਪੈਸੇ ਦੇ ਕੇ ਤੇਰਾ ਸਾਮਾਨ ਵਾਪਸ ਲੈ ਲਿਆ ਸੀ…। ਪਾਪਾ ਨੇ ਮੈਨੂੰ ਫੋਨ ਲਈ ਪੈਸੇ ਦੇ ਦਿੱਤੇ ਸਨ। ਅੱਗੇ ਤੋਂ ਅਜਿਹੀ ਗਲਤੀ ਨਾ ਕਰੀਂ। ਤੂੰ ਮੈਨੂੰ ਏਨਾ ਪਿਆਰ ਕਰਦੈਂ ਤਾਂ ਇੱਕ ਗੱਲ ਵੀ ਮੰਨ ਲੈ ਮੇਰੀ…?’’

‘‘ਕੀ ਦੀਦੀ…?’’ ਅਮਿਤੋਜ ਨੇ ਪੁੱਛਿਆ।

‘‘ਇਹੋ ਕਿ ਤੂੰ ਜ਼ਿਆਦਾ ਕ੍ਰਿਕਟ ਨਾ ਖੇਡਿਆ ਕਰ। ਸਗੋਂ ਆਪਣਾ ਜ਼ਿਆਦਾ ਸਮਾਂ ਪੜ੍ਹਾਈ ਵਿੱਚ ਲਗਾ। ਇਹੋ ਮੇਰੀ ਮੰਗ ਹੈ ਤੇ ਮੰਮੀ-ਪਾਪਾ ਦੀ ਇੱਛਾ। ਮੇਰਾ ਵੀਰ ਪੜ੍ਹ ਲਿਖ ਕੇ ਅਫ਼ਸਰ ਬਣੇ ਇਹੋ ਅਸੀਂ ਚਾਹੁੰਦੇ ਹਾਂ।’’ ਰੁਬੀਨੀਆ ਨੇ ਪਿਆਰ ਨਾਲ ਅਮਿਤੋਜ ਦੀ ਠੋਡੀ ਛੋਹਦਿਆਂ ਕਿਹਾ।

‘‘ਵਾਹ ਦੀਦੀ, ਅੱਜ ਦੇ ਦਿਨ ਕੁਝ ਮੰਗਿਆ ਵੀ ਤਾਂ ਮੇਰੀ ਖੁਸ਼ਹਾਲੀ ਹੀ ਮੰਗੀ। ਮੈਂ ਵਾਅਦਾ ਕਰਦਾ ਹਾਂ ਇੰਜ ਹੀ ਹੋਵੇਗਾ।’’ ਅਮਿਤੋਜ ਦੀ ਗੱਲ ਸੁਣ ਕੇ ਰੁਬੀਨੀਆ ਨੇ ਉਸ ਨੂੰ ਗਲ ਨਾਲ ਲਗਾ ਲਿਆ।