ਨਵੀਂ ਦਿੱਲੀ, 19 ਅਗਸਤ
ਸਟਾਰ ਕ੍ਰਿਕਟਰ ਰੋਹਿਤ ਸ਼ਰਮਾ, ਪਹਿਲਵਾਨ ਵਿਨੇਸ਼ ਫੋਗਾਟ ਅਤੇ ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਸਣੇ ਪੰਜ ਖਿਡਾਰੀਆਂ ਦੀ ਸਿਫ਼ਾਰਿਸ਼ ਰਾਜੀਵ ਗਾਂਧੀ ਖੇਲ ਰਤਨ, ਜਦੋਂਕਿ 29 ਖਿਡਾਰੀਆਂ ਦੀ ਅਰਜੁਨ ਐਵਾਰਡ ਲਈ ਕੀਤੀ ਗਈ ਹੈ। ‘ਖੇਲ ਰਤਨ’ ਲਈ ਸਿਫ਼ਾਰਸ਼ ਕੀਤੇ ਬਾਕੀ ਦੋ ਖਿਡਾਰੀਆਂ ਵਿੱਚ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਅਤੇ ਰੀਓ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਊੱਚੀ ਛਾਲ ਦੇ ਅਥਲੀਟ ਮਰੀਅੱਪਨ ਥਾਂਗਵੇਲੂ ਸ਼ਾਮਲ ਹਨ। ਸਾਬਕਾ ਹਾਕੀ ਕਪਤਾਨ ਸਰਦਾਰ ਸਿੰਘ ਖੇਡ ਮੰਤਰਾਲੇ ਦੀ ਇਸ ਚੋਣ ਕਮੇਟੀ ਦਾ ਹਿੱਸਾ ਹਨ। ਕਮੇਟੀ ਦੀ ਇੱਥੇ ਹੋਈ ਮੀਟਿੰਗ ਮਗਰੋਂ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਰਜੁਨ ਐਵਾਰਡ ਲਈ ਨਾਮਜ਼ਦ 29 ਖਿਡਾਰੀਆਂ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ, ਰਿਕਰਵ ਤੀਰਅੰਦਾਜ਼ ਅਤਨੂ ਦਾਸ, ਮਹਿਲਾ ਹਾਕੀ ਖਿਡਾਰੀ ਦੀਪਿਕਾ ਠਾਕੁਰ, ਕਬੱਡੀ ਖਿਡਾਰੀ ਦੀਪਕ ਹੁੱਡਾ ਅਤੇ ਟੈਨਿਸ ਖਿਡਾਰੀ ਦਿਵਿਜ ਸ਼ਰਨ ਸ਼ਾਮਲ ਹਨ।
ਪੰਜ ਅਥਲੀਟਾਂ ਦੀ ‘ਖੇਲ ਰਤਨ’ ਲਈ ਪਹਿਲੀ ਵਾਰ ਸਿਫ਼ਾਰਿਸ਼ ਕੀਤੀ ਗਈ ਹੈ। ਹਾਲਾਂਕਿ ਆਖ਼ਰੀ ਫ਼ੈਸਲਾ ਖੇਡ ਮੰਤਰੀ ਕਿਰਨ ਰਿਜਿਜੂ ਨੇ ਲੈਣਾ ਹੈ। ਸਾਲ 2016 ਵਿੱਚ ਚਾਰ ਅਥਲੀਟਾਂ (ਬੈਡਮਿੰਟਨ ਖਿਡਾਰਨ ਪੀਵੀ ਸਿੰਧੂ, ਜਿਮਨਾਸਟ ਦੀਪਕਾ ਕਰਮਾਕਰ, ਨਿਸ਼ਾਨੇਬਾਜ਼ ਜੀਤੂ ਰਾਏ ਅਤੇ ਪਹਿਲਵਾਨ ਸਾਕਸ਼ੀ ਮਲਿਕ) ਨੂੰ ਸਾਂਝੇ ਤੌਰ ’ਤੇ ਇਹ ਪੁਰਸਕਾਰ ਦਿੱਤਾ ਗਿਆ ਸੀ। ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਮਗਰੋਂ 33 ਸਾਲਾ ਰੋਹਿਤ ਸ਼ਰਮਾ ਇਹ ਐਵਾਰਡ ਪ੍ਰਾਪਤ ਕਰਨ ਵਾਲਾ ਚੌਥਾ ਕ੍ਰਿਕਟਰ ਹੋਵੇਗਾ। ਇਸ ਕਮੇਟੀ ਵਿੱਚ ਸਰਦਾਰ ਸਿੰਘ ਤੋਂ ਇਲਾਵਾ ਵਰਿੰਦਰ ਸਹਿਵਾਗ ਵੀ ਹੈ। ਕਮੇਟੀ ਨੇ ਅੱਜ ਇੱਥੇ ਸਾਈ ਦੇ ਮੁੱਖ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਇਸ ਸੂਚੀ ਨੂੰ ਅੰਤਿਮ ਰੂਪ ਦਿੱਤਾ। ਰਾਣੀ ਇਹ ਪੁਰਸਕਾਰ ਲਈ ਨਾਮਜ਼ਦ ਪਹਿਲੀ ਮਹਿਲਾ ਅਤੇ ਤੀਜੀ ਹਾਕੀ ਖਿਡਾਰੀ ਹੈ।
ਇਸ ਤੋਂ ਪਹਿਲਾਂ ਧਨਰਾਜ ਪਿੱਲੈ ਅਤੇ ਸਰਦਾਰ ਸਿੰਘ ਨੂੰ ਇਹ ਐਵਾਰਡ ਪ੍ਰਾਪਤ ਕਰ ਚੁੱਕੇ ਹਨ। ਇਹ ਇਨਾਮ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਦਿੱਤੇ ਜਾਣਗੇ। ਕਰੋਨਾ ਦੇ ਮੱਦੇਨਜ਼ਰ ਇਸ ਸਾਲ ਦਾ ਕੌਮੀ ਪੁਰਸਕਾਰ ਸਮਾਰੋਹ ਵਰਚੁਅਲ ਹੋਣ ਦੀ ਸੰਭਾਵਨਾ ਹੈ।