ਨਵੀਂ ਦਿੱਲੀ: ਖੇਡ ਮੰਤਰਾਲੇ ਨੇ ਪੰਜ ਖਿਡਾਰੀਆਂ ਰੋਹਿਤ ਸ਼ਰਮਾ (ਕ੍ਰਿਕਟਰ), ਵਿਨੇਸ਼ ਫੋਗਾਟ (ਕੁਸ਼ਤੀ), ਰਾਣੀ ਰਾਮਪਾਲ (ਹਾਕੀ), ਮਨਿਕਾ ਬੱਤਰਾ (ਟੇਬਲ ਟੈਨਿਸ) ਅਤੇ ਮਰੀਅੱਪਣ ਥੰਗਾਵੇਲੂ (ਪੈਰਾਲਿੰਪਿਕ ਗੋਲਡ ਮੈਡਲ ਜੇਤੂ) ਨੂੰ ਇਸ ਵਰ੍ਹੇ ਦੇ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਨਿਵਾਜਣ ਦਾ ਐਲਾਨ ਕੀਤਾ ਹੈ। ਕਰੋਨਾਵਾਇਰਸ ਮਹਾਮਾਰੀ ਕਾਰਨ ਇਸ ਸਾਲ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਆਨਲਾਈਨ ਖੇਡ ਪੁਰਸਕਾਰ ਦਿੱਤੇ ਜਾਣਗੇ। ਖੇਡ ਮੰਤਰਾਲੇ ਨੇ ਸਾਕਸ਼ੀ ਮਲਿਕ (ਕੁਸ਼ਤੀ) ਅਤੇ ਮੀਰਾਬਾਈ ਚਾਨੂ (ਵੇਟਲਿਫਟਿੰਗ) ਨੂੰ ਅਰਜੁਨ ਐਵਾਰਡ ਨਾ ਦੇਣ ਦਾ ਫ਼ੈਸਲਾ ਲਿਆ ਹੈ। ਦੋਵੇਂ ਖਿਡਾਰਨਾਂ ਨੂੰ ਮੁਲਕ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ ਖੇਲ ਰਤਨ ਮਿਲਣ ਕਾਰਨ ਉਨ੍ਹਾਂ ਦੇ ਨਾਮ ਅਰਜੁਨ ਐਵਾਰਡਾਂ ਦੀ ਸੂਚੀ ’ਚੋਂ ਹਟਾ ਦਿੱਤੇ ਗਏ ਹਨ। ਇਸ ਸਾਲ 27 ਹੋਰ ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।