ਕੋਲੰਬੋ, 13 ਸਤੰਬਰ
ਭਾਰਤੀ ਕਪਤਾਨ ਰੋਹਿਤ ਸ਼ਰਮਾ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ ਬਣਾਉਣ ਵਾਲਾ ਭਾਰਤ ਦਾ ਛੇਵਾਂ ਅਤੇ ਦੁਨੀਆ ਦਾ 15ਵਾਂ ਬੱਲੇਬਾਜ਼ ਬਣ ਗਿਆ ਹੈ।
ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੀਮ ਸੈਂਕੜਾ ਪੂਰਾ ਕਰਨ ਮਗਰੋਂ ਖੁਸ਼ੀ ਜ਼ਾਹਿਰ ਕਰਦਾ ਹੋਇਆ। -ਫੋਟੋ: ਪੀਟੀਆਈ
ਉਸ ਨੇ ਅੱਜ ਸ੍ਰੀਲੰਕਾ ਖਿਲਾਫ ਏਸ਼ੀਆ ਕੱਪ ਦੇ ਸੁਪਰ-4 ਮੈਚ ’ਚ ਇਹ ਪ੍ਰਾਪਤੀ ਹਾਸਲ ਕੀਤੀ। ਉਹ ਤੇਜ਼ ਗੇਂਦਬਾਜ਼ ਕਾਸੁਨ ਰਜਿਤਾ ਦੀ ਗੇਂਦ ’ਤੇ ਉਸ ਦੇ ਸਿਰ ਉਪਰੋਂ ਛੱਕਾ ਜੜ ਕੇ ਇਸ ਮੁਕਾਮ ’ਤੇ ਪਹੁੰਚਿਆ। ਭਾਰਤ ਲਈ ਰੋਹਿਤ ਤੋਂ ਪਹਿਲਾਂ ਸਚਿਨ ਤੇਂਦੁਲਕਰ (18,426 ਦੌੜਾਂ), ਵਿਰਾਟ ਕੋਹਲੀ (13,024), ਸੌਰਵ ਗਾਂਗੁਲੀ (11,363), ਰਾਹੁਲ ਦ੍ਰਾਵਿੜ (10,889) ਅਤੇ ਮਹਿੰਦਰ ਸਿੰਘ ਧੋਨੀ (10,773) ਇੱਕ ਰੋਜ਼ਾ ਮੈਚਾਂ ਵਿੱਚ 10 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਰੋਹਿਤ ਨੇ 241 ਪਾਰੀਆਂ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ। ਸਿਰਫ ਕੋਹਲੀ ਨੇ ਹੀ ਉਸ ਤੋਂ ਘੱਟ 205 ਪਾਰੀਆਂ ’ਚ 10 ਹਜ਼ਾਰ ਦੌੜਾਂ ਬਣਾਈਆਂ ਹਨ।