ਲੰਡਨ, 25 ਅਕਤੂਬਰ
ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਰਵਾਇਤੀ ਵਿਰੋਧੀ ਨੂੰ ਪਛਾੜ ਕੇ ਪੰਜਵੀਂ ਵਾਰ ਫੀਫਾ ਦਾ ਸਰਵੋਤਮ ਮੁੱਕੇਬਾਜ਼ ਬਣਨ ਦਾ ਮਾਣ ਹਾਸਲ ਕੀਤਾ ਹੈ। ਰੋਨਾਲਡੋ ਦੀ ਟੀਮ ਰਿਆਲ ਮੈਡਰਿਡ ਨੇ ਸਪੇਨੀ ਲੀਗ ਵਿੱਚ ਚੈਂਪੀਅਨ ਹੋਣ ਅਤੇ ਚੈਂਪੀਅਨਜ਼ ਲੀਗ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਕੱਲ੍ਹ ਇੱਥੇ ਹੋਏ ਫੀਫਾ ਫੁੱਟਬਾਲ ਪੁਰਸਕਾਰਾਂ ਵਿੱਚ ਰਿਆਲ ਮੈਡਰਿਡ ਦਾ ਦਬਦਬਾ ਰਿਹਾ। ਰੋਨਾਲਡੋ ਨੇ ਇਸ ਸਾਲ 48 ਮੈਚਾਂ ਵਿੱਚ 44 ਗੋਲ ਕੀਤੇ ਜਿਨ੍ਹਾਂ ਵਿੱਚ ਚੈਂਪੀਅਨਜ਼ ਲੀਗ ਫਾਈਨਲ ਵਿੱਚ ਜੂਵੈਂਟਸ ਖਿਲਾਫ਼ 4-1 ਨਾਲ ਮਿਲੀ ਜਿੱਤ ਵਿੱਚ ਕੀਤੇ ਦੋ ਗੋਲ ਸ਼ਾਮਲ ਸਨ। ਫੀਫਾ ਦਾ ਸਰਵੋਤਮ ਖਿਡਾਰੀ ਬਣਨ ਵਿੱਚ ਰੋਨਾਲਡੋ ਨੂੰ ਮੈਸੀ ਅਤੇ ਪੈਰਿਸ ਸੇਂਟ ਜਰਮੇਨ ਦੇ ਨੇਮਾਰ ਤੋਂ ਵੀ ਤਕੜੀ ਚੁਣੌਤੀ ਮਿਲੀ।
ਰਿਆਲ ਮੈਡਰਿਡ ਦੇ ਮੈਨੇਜਰ ਜਿਨੇਦਿਨ ਜੇਦਾਨ ਨੂੰ ਸਰਵੋਤਮ ਕੋਚ ਦਾ ਪੁਰਸਕਾਰ ਮਿਲਿਆ। ਉਸ ਨੇ ਚੈਲਸੀ ਦੇ ਅੰਤੋਨੀਓ ਕੌਂਟੇ ਅਤੇ ਜੂਵੈਂਟਸ ਦੇ ਮਾਸਿਸ ਮਲਿਆਨੋ ਅਲੇਗਰੀ ਨੂੰ ਪਛਾੜਿਆ। ਜੂਵੈਂਟਸ ਦੇ ਗੋਲਕੀਪਰ ਜਿਆਂਲੂਏਗੀ ਬੁਫੋਨ ਨੂੰ ਸਰਵੋਤਮ ਗੋਲਕੀਪਰ ਦਾ ਪੁਰਸਕਾਰ ਮਿਲਿਆ ਹੈ।