ਓਟਵਾ, 28 ਅਕਤੂਬਰ : ਐਨਡੀਪੀ ਦੀ ਐਮਪੀ ਵੱਲੋਂ ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤੇ ਗਏ ਮਤੇ ਵਿੱਚ ਇਹ ਮੰਗ ਕੀਤੀ ਗਈ ਕਿ ਰੈਜ਼ੀਡੈਂਸ਼ੀਅਲ ਸਕੂਲਜ਼ ਵਿੱਚ ਹੋਈਆਂ ਵਧੀਕੀਆਂ ਨੂੰ ਨਸਲਕੁਸ਼ੀ ਦਾ ਦਰਜਾ ਦਿੱਤਾ ਜਾਵੇ।ਇਸ ਮਤੇ ਉੱਤੇ ਸਾਰੇ ਐਮਪੀਜ਼ ਵੱਲੋਂ ਸਰਬਸੰਮਤੀ ਪ੍ਰਗਟਾਈ ਗਈ।
ਇਹ ਮਤਾ ਵਿਨੀਪੈਗ ਸੈਂਟਰ ਦੀ ਨੁਮਾਇੰਦਗੀ ਕਰਨ ਵਾਲੀ ਐਨਡੀਪੀ ਐਮਪੀ ਲੀਏਹ ਗਾਜ਼ਾਨ ਨੇ ਪੇਸ਼ ਕੀਤਾ। ਪਿਛਲੇ ਸਾਲ ਵੀ ਗਾਜ਼ਾਨ ਵੱਲੋਂ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਪਰ ਉਸ ਸਮੇਂ ਇਸ ਮੁੱਦੇ ਉੱਤੇ ਸਰਬਸੰਮਤੀ ਨਹੀਂ ਸੀ ਬਣ ਪਾਈ।ਜਿ਼ਕਰਯੋਗ ਹੈ ਕਿ 150,000 ਤੋਂ ਵੀ ਵੱਧ ਫਰਸਟ ਨੇਸ਼ਨਜ਼, ਮੈਟਿਸ ਤੇ ਇਨੁਇਟ ਬੱਚਿਆਂ ਨੂੰ ਧੱਕੇ ਨਾਲ ਇਨ੍ਹਾਂ ਰੈਜ਼ੀਡੈਂਸ਼ੀਅਲ ਸਕੂਲ ਅਟੈਂਡ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।ਇੱਕ ਸਦੀ ਤੋਂ ਵੀ ਵੱਧ ਸਮੇਂ ਤੱਕ ਫੈਡਰਲ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਨੂੰ ਫੰਡ ਦਿੱਤੇ ਜਾਂਦੇ ਰਹੇ ਤੇ ਵੱਖ ਵੱਖ ਚਰਚ ਇਨ੍ਹਾਂ ਨੂੰ ਆਪਰੇਟ ਕਰਦੇ ਰਹੇ। ਕੈਨੇਡਾ ਵਿੱਚ ਬਹੁਤੇ ਰੈਜ਼ੀਡੈਂਸ਼ੀਅਲ ਸਕੂਲਾਂ ਨੂੰ ਕੈਥੋਲਿਕ ਚਰਚ ਚਲਾਉਂਦੇ ਸਨ।
ਨਿੱਕੇ ਹੁੰਦਿਆਂ ਇਨ੍ਹਾਂ ਸਕੂਲਾਂ ਵਿੱਚ ਭੇਜੇ ਗਏ ਹਜ਼ਾਰਾਂ ਇੰਡੀਜੀਨਸ ਬਾਲਗਾਂ ਨੇ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ, ਇਮੋਸ਼ਨਲ ਤੌਰ ਉੱਤੇ ਉਨ੍ਹਾਂ ਦੇ ਟੁੱਟਣ ਦਾ ਜਿ਼ਕਰ ਤਾਂ ਕੀਤਾ ਹੀ, ਇਹ ਵੀ ਦੱਸਿਆ ਕਿ ਮੂਲਵਾਸੀ ਬੱਚਿਆਂ ਨੂੰ ਨਾ ਸਿਰਫ ਅਣਗੌਲਿਆ ਜਾਂਦਾ ਸੀ ਸਗੋਂ ਉਹ ਕੁਪੋਸ਼ਣ ਦਾ ਸਿ਼ਕਾਰ ਵੀ ਰਹਿੰਦੇ ਸਨ। ਇਨ੍ਹਾਂ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਮਰਨ ਵਾਲੇ ਵਿਦਿਆਰਥੀਆਂ ਲਈ ਦ ਨੈਸ਼ਨਲ ਸੈਂਟਰ ਫੌਰ ਟਰੁੱਥ ਐਂਡ ਰੀਕੌਂਸੀਲਿਏਸ਼ਨ ਵੱਲੋਂ ਮੈਮੋਰੀਅਲ ਰਜਿਸਟਰ ਵੀ ਲਾਇਆ ਗਿਆ ਹੈ ਜਿਸ ਅਨੁਸਾਰ ਇੱਥੇ ਮਾਰੇ ਗਏ ਵਿਦਿਆਰਥੀਆਂ ਦੀ ਗਿਣਤੀ 4,120 ਤੱਕ ਪਹੁੰਚ ਚੁੱਕੀ ਹੈ।