ਅੰਮ੍ਰਿਤਸਰ, ਦਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਮਗਰੋਂ ਲਾਸ਼ਾਂ ਬਾਰੇ ਝੂਠੇ ਦਾਅਵੇਦਾਰ ਬਣ ਕੇ ਮੁਆਵਜ਼ਾ ਲੈਣ ਦੀ ਝਾਕ ਕਰਨ ਵਾਲਿਆਂ ਖ਼ਿਲਾਫ਼ ਸਰਕਾਰ ਕਾਰਵਾਈ ਕਰ ਸਕਦੀ ਹੈ। ਅੱਜ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਕੈਬਨਿਟ ਮੰਤਰੀਆਂ ਵੱਲੋਂ ਵੱਖ ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ 38 ਜ਼ਖ਼ਮੀਆਂ ਨੂੰ ਹਸਪਤਾਲ ਵਿਚ ਜਾ ਕੇ 50-50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇ ਚੈਕ ਵੰਡੇ ਗਏ ਹਨ। ਇਨ੍ਹਾਂ ਜ਼ਖ਼ਮੀਆਂ ਦਾ ਸਾਰਾ ਇਲਾਜ ਵੀ ਸਰਕਾਰ ਵਲੋਂ ਕਰਾਇਆ ਜਾ ਰਿਹਾ ਹੈ।
ਰੇਲ ਹਾਦਸੇ ਵਿਚ 59 ਲੋਕ ਮਾਰੇ ਗਏ ਸਨ ਅਤੇ ਇਸ ਤੋਂ ਵੀ ਵੱਧ ਜ਼ਖ਼ਮੀ ਹੋਏ ਸਨ। ਜ਼ਖ਼ਮੀਆਂ ਵਿਚੋਂ ਇਸ ਵੇਲੇ 38 ਵਿਅਕਤੀ ਜ਼ੇਰੇ ਇਲਾਜ ਹਨ, ਜਦੋਂਕਿ ਬਾਕੀਆਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਸੀ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਖਿਆ ਕਿ ਮਾਰੇ ਗਏ ਲੋਕਾਂ ਅਤੇ ਜ਼ਖ਼ਮੀ ਹੋਏ ਲੋਕਾਂ ਵਿਚੋਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਬਚਿਆ ਹੈ, ਜਿਸ ਦੀ ਸ਼ਨਾਖਤ ਨਹੀਂ ਹੋਈ ਹੈ। ਮਾਰੇ ਗਏ 59 ਵਿਅਕਤੀਆਂ ਵਿਚੋਂ 58 ਦੀ ਸ਼ਨਾਖਤ ਹੋ ਗਈ ਸੀ। ਇਕ ਵਿਅਕਤੀ ਦੀ ਲਾਸ਼ ਬਿਨਾਂ ਸਿਰ ਤੋਂ ਮਿਲੀ ਸੀ, ਜਿਸ ਬਾਰੇ ਪਹਿਲਾਂ ਤਿੰਨ ਦਾਅਵੇਦਾਰ ਆਏ ਸਨ। ਮਗਰੋਂ ਜਦੋਂ ਉਨ੍ਹਾਂ ਦਾ ਡੀਐਨਏ ਕਰਾਉਣ ਲਈ ਆਖਿਆ ਗਿਆ ਤਾਂ ਇਨ੍ਹਾਂ ਵਿਚੋਂ ਵਧੇਰੇ ਦਾਅਵੇਦਾਰ ਭੱਜ ਗਏ ਸਨ। ਇਸੇ ਤਰ੍ਹਾਂ ਹਸਪਤਾਲਾਂ ਵਿਚ ਵੀ ਕੁਝ ਵਿਅਕਤੀਆਂ ਵੱਲੋਂ ਕਥਿਤ ਝੂਠੇ ਦਾਅਵੇਦਾਰ ਬਣ ਕੇ ਮੁਆਵਜ਼ੇ ਦੀ ਰਕਮ ਹੜੱਪਣ ਲਈ ਯਤਨ ਕੀਤੇ ਗਏ ਹਨ। ਇਕ ਸਵਾਲ ਦੇ ਜਵਾਬ ਵਿਚ ਸਿਹਤ ਮੰਤਰੀ ਨੇ ਆਖਿਆ ਕਿ ਸਰਕਾਰ ਵੱਲੋਂ ਇਸ ਸਬੰਧ ਵਿਚ ਪਤਾ ਲਾਇਆ ਜਾਵੇਗਾ ਅਤੇ ਮ੍ਰਿਤਕਾਂ ਦੇ ਝੂਠੇ ਦਾਅਵੇਦਾਰ ਬਣ ਕੇ ਸਾਹਮਣੇ ਆਏ ਅਜਿਹੇ ਲੋਕਾਂ ਖਿਲਾਫ ਕਾਰਵਾਈ ਬਾਰੇ ਵੀ ਵਿਚਾਰ ਕੀਤਾ ਜਾਵੇਗਾ।
ਹਾਦਸੇ ਦੀ ਚੱਲ ਰਹੀ ਮੈਜਿਸਟਰੇਟ ਜਾਂਚ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਅਤੇ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਵੱਲੋਂ ਇਸ ਸਬੰਧੀ ਵੱਖ ਵੱਖ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਜਾਂਚ ਮੁਕੰਮਲ ਹੋਣ ਮਗਰੋਂ ਜੇਕਰ ਇਸ ਮਾਮਲੇ ਵਿਚ ਰੇਲ ਵਿਭਾਗ ਦੀ ਕੋਈ ਲਾਪਰਵਾਹੀ ਸਾਹਮਣੇ ਆਈ ਤਾਂ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਰੇਲ ਹਾਦਸੇ ਦੀ ਜਾਂਚ ਕਰਾਉਣ ਵਾਸਤੇ ਵੀ ਆਖਿਆ ਜਾਵੇਗਾ। ਉਨ੍ਹਾਂ ਮੰਨਿਆ ਕਿ ਹਾਦਸੇ ਵਿਚ ਰੇਲਵੇ ਦੀ ਜ਼ਿੰਮੇਵਾਰੀ ਨੂੰ ਲੈ ਕੇ ਕਈ ਸਵਾਲ ਉਠ ਰਹੇ ਹਨ।
ਦੱਸਣਯੋਗ ਹੈ ਕਿ ਰੇਲ ਵਿਭਾਗ ਇਸ ਮਾਮਲੇ ਵਿਚ ਰੇਲ ਕਰਮਚਾਰੀਆਂ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਅਤੇ ਰੇਲ ਹਾਦਸੇ ਦੀ ਜਾਂਚ ਤੋਂ ਨਾਂਹ ਕਰ ਦਿੱਤੀ ਸੀ। ਪਰ ਹੁਣ ਮੁੜ ਇਸ ਮਾਮਲੇ ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਰੇਲ ਮੰਤਰੀ ਪਿਯੂਸ਼ ਗੋਇਲ ਕੋਲ ਰੱਖਿਆ ਗਿਆ ਹੈ।
ਇਸ ਦੌਰਾਨ ਸਿਹਤ ਮੰਤਰੀ ਨੇ ਅੱਜ ਵੱਖ ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ 38 ਜ਼ਖ਼ਮੀਆਂ ਨੂੰ ਹਸਪਤਾਲ ਵਿਚ ਜਾ ਕੇ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ ਹਨ। ਉਨ੍ਹਾਂ ਨਾਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਸੁਖਬਿੰਦਰ ਸਿੰਘ ਸੁਖ ਸਰਕਾਰੀਆ ਵੀ ਸ਼ਾਮਲ ਸਨ। ਸਿਹਤ ਮੰਤਰੀ ਨੇ ਗੁਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਹਸਪਤਾਲ ਦੇ ਅਮਲੇ ਵੱਲੋਂ ਰੇਲ ਹਾਦਸੇ ਸਮੇਂ ਤੁਰੰਤ ਨਿਭਾਈਆਂ ਸੇਵਾਵਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਨ੍ਹਾਂ ਦੀਆਂ ਸੰਤੁਸ਼ਟੀਜਨਕ ਸੇਵਾਵਾਂ ਤੋਂ ਖੁਸ਼ ਹੋ ਕੇ ਦੋਵਾਂ ਹਸਪਤਾਲਾਂ ਨੂੰ ਇਨਾਮ ਵਜੋਂ ਦਸ-ਦਸ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।