ਮਾਸਕੋ, 21 ਸਤੰਬਰ
ਰੂਸ ਵਿਚ ਆਮ ਚੋਣਾਂ ਤੋਂ ਬਾਅਦ ਹੋ ਰਹੀ ਵੋਟਾਂ ਦੀ ਗਿਣਤੀ ਵਿਚ ਸੱਤਾਧਾਰੀ ਦਲ ਦੇ ਸਪੱਸ਼ਟ ਬਹੁਮਤ ਵੱਲ ਵਧਣ ਦੇ ਸਾਫ਼ ਸੰਕੇਤ ਮਿਲ ਰਹੇ ਹਨ। ਚੋਣਾਂ ਵਿਚ ਜਿੱਤ ਦੇ ਨਾਲ ਹੀ ਸੰਸਦ ’ਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਪਕੜ ਮਜ਼ਬੂਤ ਹੋਵੇਗੀ। ਦੱਸਣਯੋਗ ਹੈ ਕਿ ਕੋਵਿਡ ਕਾਰਨ ਤਿੰਨ ਦਿਨ ਤੱਕ ਚੱਲੇ ਚੋਣ ਅਮਲ ਵਿਚ ਸਾਰੇ ਤਰੀਕਿਆਂ ਦੀ ਧਾਂਦਲੀ ਦੇ ਦੋਸ਼ ਲੱਗੇ ਹਨ ਤੇ ਸਰਕਾਰ ਨੇ ਵੱਖ-ਵੱਖ ਕਾਰਨਾਂ ਦਾ ਹਵਾਲਾ ਦਿੰਦਿਆਂ ਵਿਰੋਧੀ ਧਿਰ ਦੇ ਜ਼ਿਆਦਾਤਰ ਆਗੂਆਂ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਸੀ। ਇਸ ਚੋਣ ਅਮਲ ਨੂੰ ਦੇਸ਼ ’ਚ 2024 ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੀ ਤਿਆਰੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਪੂਤਿਨ ਮੁੜ ਤੋਂ ਰਾਸ਼ਟਰਪਤੀ ਅਹੁਦੇ ਲਈ ਚੋਣ ਮੈਦਾਨ ਵਿਚ ਹੋਣਗੇ ਜਾਂ ਉਹ ਕੋਈ ਜਾਨਸ਼ੀਨ ਚੁਣਨਗੇ ਜਾਂ ਫਿਰ ਕੋਈ ਹੋਰ ਰਸਤਾ ਅਖ਼ਤਿਆਰ ਕਰਨਗੇ।
ਪਰ ਇਸ ਸਭ ਦੌਰਾਨ ਪੂਤਿਨ ਚਾਹੇ ਕੋਈ ਵੀ ਰਾਹ ਅਖ਼ਤਿਆਰ ਕਰਨ, ਉਨ੍ਹਾਂ ਲਈ ਸੰਸਦ ਉਤੇ ਪਕੜ ਮਜ਼ਬੂਤ ਕਰਨੀ ਬਹੁਤ ਜ਼ਰੂਰੀ ਹੈ। ਕੇਂਦਰੀ ਚੋਣ ਕਮਿਸ਼ਨ ਮੁਤਾਬਕ ਜਿਨ੍ਹਾਂ 225 ਸੀਟਾਂ ਉਤੇ ਚੋਣ ਹੋਈ ਹੈ, ਉਨ੍ਹਾਂ ਦੀ ਦੇਸ਼ ਦੇ 95 ਪ੍ਰਤੀਸ਼ਤ ਕੇਂਦਰਾਂ ਉਤੇ ਹੋਈ ਗਿਣਤੀ ਵਿਚ ਸੱਤਾਧਾਰੀ ਯੂਨਾਈਟਿਡ ਰਸ਼ੀਆ ਪਾਰਟੀ ਨੂੰ 49.64 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ।