ਜ਼ਾਪੋਰਿਜ਼ੀਆ, 10 ਅਪਰੈਲ
ਰੂਸੀ ਫੌਜ ਨੇ ਅੱਜ ਸਵੇਰੇ ਯੂਕਰੇਨ ਦੇ ਸ਼ਹਿਰ ਜ਼ਾਪੋਰਿਜ਼ੀਆ ਦੀ ਰਿਹਾਇਸ਼ੀ ਇਮਾਰਤ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ 50 ਸਾਲਾ ਵਿਅਕਤੀ ਅਤੇ ਉਸ ਦੀ 11 ਸਾਲਾ ਧੀ ਦੀ ਮੌਤ ਹੋ ਗਈ। ਯੂਕਰੇਨ ਦੀ ਸੂਬਾਈ ਐਮਰਜੈਂਸੀ ਸੇਵਾ ਨੇ ਦੱਸਿਆ ਕਿ ਇਸ ਹਮਲੇ ਵਿੱਚ ਮ੍ਰਿਤਕ ਵਿਅਕਤੀ ਦੀ 46 ਸਾਲਾ ਪਤਨੀ ਵੀ ਗੰਭੀਰ ਜ਼ਖ਼ਮੀ ਹੋ ਗਈ ਹੈ। ਉਸ ਨੂੰ ਤਬਾਹ ਹੋਈ ਇਮਾਰਤ ਦੇ ਮਲਬੇ ਵਿੱਚੋਂ ਕੱਢ ਕੇ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਹੈ।
ਸ਼ਹਿਰੀ ਕੌਂਸਲ ਦੇ ਸਕੱਤਰ ਐਨਾਤੋਲੀ ਕੁਰਤੇਵ ਨੇ ਦੱਸਿਆ ਕਿ ਸਾਰੀ ਰਾਤ ਹੋਈ ਬੰਬਾਰੀ ਦੌਰਾਨ ਦੋ ਮਿਜ਼ਾਈਲਾਂ ਨੇ ਇੱਕ ਇਮਾਰਤ ਨੂੰ ਤਬਾਹ ਕਰ ਦਿੱਤਾ ਅਤੇ ਦਰਜਨਾਂ ਹੋਰ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਟੈਲੀਗ੍ਰਾਮ ਮੈਸੈਜਿੰਗ ਐਪ ’ਤੇ ਲਿਖਿਆ, ‘‘ਇਸ ਅਪਰਾਧਕ ਯੁੱਧ ਦੇ ਧਾੜਵੀਆਂ ਲਈ ਸਖ਼ਤ ਸਜ਼ਾ ਲਾਜ਼ਮੀ ਹੈ।’’ ਬਚਾਅ ਕਰਮੀਆਂ ਨੇ ਅੱਜ ਸਵੇਰੇ ਹਵਾਈ ਹਮਲਿਆਂ ਦੀ ਚਿਤਾਵਨੀ ਦੇ ਬਾਵਜੂਦ ਕੰਕਰੀਟ ਅਤੇ ਮਲਬੇ ਵਿੱਚ ਖੁਦਾਈ ਜਾਰੀ ਰੱਖੀ। ਹਮਲੇ ਵਿੱਚ ਨੁਕਸਾਨੀਆਂ ਗਈਆਂ ਕੰਧਾਂ ਪੀੜਤ ਪਰਿਵਾਰ ਦੇ ਲਿਵਿੰਗ ਰੂਮ ਦਾ ਹਾਲ ਬਿਆਨ ਕਰ ਰਹੀਆਂ ਸਨ। ਟੈਲੀਵਿਜ਼ਨ ਟੁੱਟਿਆ ਹੋਇਆ ਸੀ ਅਤੇ ਕੰਧ ਦਾ ਇੱਕ ਹਿੱਸਾ ਲਮਕ ਰਿਹਾ ਸੀ। ਨੇੜੇ ਹੀ ਪਈ ਇੱਕ ਲਾਸ਼ ’ਤੇ ਕੱਪੜਾ ਦਿੱਤਾ ਹੋਇਆ ਸੀ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਹ ਲਾਸ਼ ਘਰ ਦੇ ਮਾਲਕ ਦੀ ਹੈ। ਉਸ ਦੇ ਗੁਆਂਢੀ ਵਿਕਟਰ ਰੈਂਕਿਨ (72) ਨੇ ਕਿਹਾ, ‘‘ਇਹ ਮੰਦਭਾਗਾ ਹੈ। ਪਰਿਵਾਰਕ ਮੈਂਬਰਾਂ ਦੀ ਉਮਰ ਵੀ ਜ਼ਿਆਦਾ ਨਹੀਂ ਸੀ।’’ ਖੇਤਰੀ ਗਵਰਨਰ ਯੂਰੀ ਮਲਾਸ਼ਕੋ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਜ਼ਖ਼ਮੀ ਔਰਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਮਾਸਕੋ ਦੀ ਯੂਕਰੇਨ ਖ਼ਿਲਾਫ਼ ਜੰਗ ਦੂਜੇ ਸਾਲ ਵਿੱਚ ਦਾਖ਼ਲ ਹੋ ਗਈ ਹੈ ਅਤੇ ਇਹ ਉਸ ਦਾ ਤਾਜ਼ਾ ਹਮਲਾ ਹੈ। ਉਧਰ, ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਰੂਸ ਨੇ ਜ਼ਾਪੋਰਿਜ਼ੀਆ ਨੇੜੇ 70 ਹਜ਼ਾਰ ਟਨ ਤੇਲ ਦੇ ਡਿੱਪੂ ਨੂੰ ਤਬਾਹ ਕਰ ਦਿੱਤਾ ਹੈ। ਰੂਸ ਨੇ ਕਿਹਾ ਕਿ ਰੂਸੀ ਫੌਜਾਂ ਨੇ ਜ਼ਾਪੋਰਿਜ਼ੀਆ ਅਤੇ ਦੋਨੇਤਸਕ ਖੇਤਰਾਂ ਵਿੱਚ ਮਿਜ਼ਾਈਲਾਂ, ਗੋਲਾ-ਬਾਰੂਦ ਅਤੇ ਹੋਰ ਸਾਜ਼ੋ-ਸਾਮਾਨ ਵਾਲੇ ਯੂਕਰੇਨੀ ਗੁਦਾਮ ਨੂੰ ਵੀ ਨਸ਼ਟ ਕਰ ਦਿੱਤਾ ਹੈ।