ਕੀਵ, 17 ਮਈ
ਯੂਕਰੇਨ ਦੀ ਹਵਾਈ ਸੈਨਾ ਨੇ ਅੱਜ ਤੜਕੇ ਕੀਵ ’ਤੇ ਰੂਸ ਵੱਲੋਂ ਕੀਤੇ ਗਏ ਇੱਕ ਵੱਡੇ ਹਵਾਈ ਹਮਲੇ ਨੂੰ ਨਾਕਾਮ ਕਰਦਿਆਂ ਅਤੇ ਰਾਜਧਾਨੀ ’ਤੇ ਦਾਗੀਆਂ ਗਈਆਂ ਸਾਰੀਆਂ 18 ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ। ਯੂਕਰੇਨ ਦੀ ਰਾਜਧਾਨੀ ਕੀਵ ’ਚ ਰੂਸ ਨੇ ਹਵਾ, ਸਮੁੰਦਰ ਤੇ ਜ਼ਮੀਨ ਤੋਂ ਮਿਜ਼ਾਈਲਾਂ ਦਾਗ ਕੇ ਵੱਡਾ ਹਮਲਾ ਕੀਤਾ ਤੇ ਕੀਵ ’ਚ ਦੇਰ ਰਾਤ ਤੱਕ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ। ਇਨ੍ਹਾਂ ਹਮਲਿਆਂ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੀਵ ਫੌਜੀ ਪ੍ਰਸ਼ਾਸਨ ਦੇ ਮੁਖੀ ਸੇਰਹੀ ਪੋਪਕੋ ਨੇ ਕਿਹਾ ਕਿ ਕੀਵ ’ਤੇ ਰੂਸ ਦਾ ਇਹ ਹਮਲਾ ਗਿਣਤੀ ਦੇ ਆਧਾਰ ’ਤੇ ਬਹੁਤ ਵੱਡਾ ਸੀ। ਉਨ੍ਹਾਂ ਕਿਹਾ ਕਿ ਬਹੁਤ ਹੀ ਘੱਟ ਸਮੇਂ ਅੰਦਰ ਵੱਡੀ ਗਿਣਤੀ ’ਚ ਮਿਜ਼ਾਈਲਾਂ ਦਾਗੀਆਂ ਗਈਆਂ। ਯੂਕਰੇਨ ’ਚ ਬਰਤਾਨੀਆ ਦੀ ਦੂਤ ਮੈਲਿੰਡਾ ਸਿਮੋਨਜ਼ ਨੇ ਟਵੀਟ ਕੀਤਾ, ‘ਬਹੁਤ ਭਿਆਨਕ ਹਮਲਾ ਸੀ। ਧਮਾਕਿਆਂ ਤੇ ਕੰਬਦੀਆਂ ਕੰਧਾਂ ਦਰਮਿਆਨ ਰਾਤ ਕੱਟਣੀ ਬਹੁਤ ਹੀ ਮੁਸ਼ਕਲ ਸੀ।’ ਇਸ ਮਹੀਨੇ ’ਚ ਰੂਸ ਨੇ ਅਠਵੀਂ ਵਾਰ ਕੀਵ ’ਤੇ ਹਵਾਈ ਹਮਲਾ ਕੀਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਦੀ ਯੋਰਪ ਯਾਤਰਾ ਮੁਕੰਮਲ ਹੋਣ ਵਿਚਾਲੇ ਇਹ ਹਮਲੇ ਕੀਤੇ ਹਨ। ਯੂਕਰੇਨ ਦੀ ਹਵਾਈ ਸੈਨਾ ਦੇ ਬੁਲਾਰੇ ਯੂਰੀ ਇਹਨਾਤ ਨੇ ਕਿਹਾ ਕਿ ਰੂਸ ਨੇ ਡਰੋਨ, ਕਰੂਜ਼ ਮਿਜ਼ਾਈਲ ਤੇ ਬੈਲਿਸਟਿਕ ਮਿਜ਼ਾਈਲ ਸਮੇਤ ਵੱਖ ਵੱਖ ਤਰ੍ਹਾਂ ਦੀਆਂ 18 ਮਿਜ਼ਾਈਲਾਂ ਦਾਗੀਆਂ।