ਕੀਵ/ਇਸਤੰਬੁਲ, 30 ਮਾਰਚ
ਰੂਸ ਅਤੇ ਯੂਕਰੇਨ ਦੇ ਨੁਮਾਇੰਦਿਆਂ ਵਿਚਕਾਰ ਤੁਰਕੀ ਦੀ 29ਰਾਜਧਾਨੀ ਇਸਤੰਬੁਲ ’ਚ ਹੋਈ ਵਾਰਤਾ ਦੌਰਾਨ ਸ਼ਾਂਤੀ ਲਈ ਦੋਵੇਂ ਧਿਰਾਂ ਕੁਝ ਅੱਗੇ ਵਧੀਆਂ ਹਨ। ਯੂਕਰੇਨ ’ਚ ਗੋਲੀਬੰਦੀ ਦਾ ਐਲਾਨ ਤਾਂ ਨਹੀਂ ਕੀਤਾ ਗਿਆ ਹੈ ਪਰ ਰੂਸੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਵਾਰਤਾ ’ਚ ਭਰੋਸਾ ਵਧਾਉਣ ਲਈ ਉਹ ਕੀਵ ਅਤੇ ਚਰਨੀਹੀਵ ਨੇੜੇ ਫ਼ੌਜੀ ਸਰਗਰਮੀਆਂ ਬੁਨਿਆਦੀ ਤੌਰ ’ਤੇ ਘਟਾਏਗਾ। ਯੂਕਰੇਨ ’ਤੇ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਰੂਸ ਵੱਲੋਂ ਪਹਿਲੀ ਵੱਡੀ ਰਾਹਤ ਦਿੱਤੀ ਗਈ ਜਾਪਦੀ ਹੈ। ਰੂਸ ਦੇ ਉਪ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਨੇ ਕਿਹਾ ਕਿ ਕੀਵ ਅਤੇ ਚਰਨੀਹੀਵ ਨੇੜੇ ਫ਼ੌਜੀ ਸਰਗਰਮੀਆਂ ’ਚ ਕਟੌਤੀ ਕੀਤੀ ਜਾਵੇਗੀ। ਉਧਰ ਯੂਕਰੇਨ ਦੇ ਫ਼ੌਜੀ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਕੀਵ ਅਤੇ ਚਰਨੀਹੀਵ ਦੁਆਲੇ ਫ਼ੌਜਾਂ ਦੀ ਕੁਝ ਵਾਪਸੀ ਦੇਖੀ ਗਈ ਹੈ। ਰੂਸ ਦੇ ਮੁੱਖ ਵਾਰਤਾਕਾਰ ਵਲਾਦੀਮੀਰ ਮੇਡਿਨਸਕੀ ਨੇ ਕਿਹਾ ਕਿ ਯੂਕਰੇਨੀ ਤਜਵੀਜ਼ਾਂ ’ਚ ਇਹ ਗੱਲ ਵੀ ਸ਼ਾਮਲ ਹੈ ਕਿ ਰੂਸ, ਯੂਕਰੇਨ ਦੇ ਯੂਰੋਪੀਅਨ ਯੂਨੀਅਨ ’ਚ ਸ਼ਾਮਲ ਹੋਣ ਦਾ ਵਿਰੋਧ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉਨ੍ਹਾਂ ਦੇ ਯੂਕਰੇਨੀ ਹਮਰੁਤਬਾ ਵਲਾਦੀਮੀਰ ਜ਼ੇਲੈਂਸਕੀ ਵਿਚਕਾਰ ਮੀਟਿੰਗ ਤਾਂ ਹੀ ਸੰਭਵ ਹੈ ਜੇਕਰ ਸਮਝੌਤੇ ’ਤੇ ਦੋਵੇਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੋਹਰ ਲੱਗ ਜਾਵੇ। ਇਸ ਤੋਂ ਪਹਿਲਾਂ ਯੂਕਰੇਨੀ ਰਾਸ਼ਟਰਪਤੀ ਦੇ ਸਲਾਹਕਾਰ ਨੇ ਕਿਹਾ ਸੀ ਕਿ ਮੀਟਿੰਗ ਦੌਰਾਨ ਗੋਲੀਬੰਦੀ ਅਤੇ ਯੂਕਰੇਨ ਦੀ ਸੁਰੱਖਿਆ ਦੀ ਗਾਰੰਟੀ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਵਾਰਤਾ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੁਲਕ ਰੂਸ ਦੀ ਮੰਗ ਮੁਤਾਬਕ ਨਿਰਪੱਖ ਰਹਿਣ ਅਤੇ ਡੋਨਬਾਸ ਦੇ ਪੂਰਬੀ ਖ਼ਿੱਤੇ ’ਚ ਸਮਝੌਤੇ ਲਈ ਤਿਆਰ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਇਅਪ ਅਰਦੋਗਨ ਨੇ ਕਿਹਾ ਕਿ ਦੋਵੇਂ ਮੁਲਕਾਂ ’ਤੇ ਜੰਗ ਰੋਕਣ ਦੀ ਇਤਿਹਾਸਕ ਜ਼ਿੰਮੇਵਾਰੀ ਹੈ। ਉਨ੍ਹਾਂ ਦੋਵੇਂ ਮੁਲਕਾਂ ਦੇ ਵਫ਼ਦਾਂ ਦਾ ਸਵਾਗਤ ਕਰਦਿਆਂ ਕਿਹਾ,‘‘ਜੰਗ ਕੋਈ ਵੀ ਨਹੀਂ ਹਾਰੇਗਾ ਅਤੇ ਸਿਰਫ਼ ਸ਼ਾਂਤੀ ਦੀ ਜਿੱਤ ਹੋਵੇਗੀ। ਸੰਘਰਸ਼ ਲੰਬਾ ਖਿੱਚਣ ’ਚ ਕਿਸੇ ਦਾ ਕੋਈ ਹਿੱਤ ਨਹੀਂ ਹੈ।’’ ਰੂਸ ਲੰਬੇ ਸਮੇਂ ਤੋਂ ਮੰਗ ਕਰਦਾ ਆ ਰਿਹਾ ਹੈ ਕਿ ਯੂਕਰੇਨ ਨਾਟੋ ਗੱਠਜੋੜ ’ਚ ਸ਼ਾਮਲ ਹੋਣ ਦੀ ਆਪਣੀ ਕੋਸ਼ਿਸ਼ ਰੱਦ ਕਰ ਦੇਵੇ। ਜ਼ੇਲੈਂਸਕੀ ਨੇ ਪਿਛਲੇ ਹਫ਼ਤੇ ਸੰਕੇਤ ਦਿੱਤੇ ਸਨ ਕਿ ਉਹ ਨਿਰਪੱਖ ਰਹਿਣ ਲਈ ਤਿਆਰ ਹੈ ਪਰ ਮੁਲਕ ਨੂੰ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਗਾਰੰਟੀ ਦੇਣ ’ਚ ਇਜ਼ਰਾਈਲ, ਕੈਨੇਡਾ, ਪੋਲੈਂਡ ਅਤੇ ਤੁਰਕੀ ਸਹਾਈ ਹੋ ਸਕਦੇ ਹਨ। ਰੂਸ, ਅਮਰੀਕਾ, ਬ੍ਰਿਟੇਨ, ਜਰਮਨੀ ਅਤੇ ਇਟਲੀ ਵੀ ਇਹ ਗਾਰੰਟੀਆਂ ਦੇ ਸਕਦੇ ਹਨ। ਰੂਸੀ ਵਾਰਤਾਕਾਰ ਮੇਡਿਨਸਕੀ ਨੇ ਕਿਹਾ ਕਿ ਉਹ ਯੂਕਰੇਨੀ ਤਜਵੀਜ਼ਾਂ ਦੀ ਪੜਤਾਲ ਕਰਕੇ ਉਸ ਦੀ ਰਿਪੋਰਟ ਰਾਸ਼ਟਰਪਤੀ ਪੂਤਿਨ ਨੂੰ ਸੌਂਪਣਗੇ। ਯੂਕਰੇਨੀ ਵਾਰਤਾਕਾਰ ਅਲੈਗਜ਼ੈਂਡਰ ਚਾਲੀ ਨੇ ਕਿਹਾ ਕਿ ਜੇਕਰ ਕੁਝ ਗੱਲ ਅੱਗੇ ਵਧੀ ਤਾਂ ਉਹ ਆਪਣੇ ਮੁਲਕ ਦੇ ਕਿਸੇ ਵੀ ਹਿੱਸੇ ’ਚ ਵਿਦੇਸ਼ੀ ਫ਼ੌਜੀ ਅੱਡਾ ਨਹੀਂ ਬਣਨ ਦੇਣਗੇ ਅਤੇ ਉਹ ਨਾ ਹੀ ਕਿਸੇ ਤਰ੍ਹਾਂ ਦਾ ਫ਼ੌਜੀ-ਸਿਆਸੀ ਗੱਠਜੋੜ ਕਰਨਗੇ।