ਕੀਵ, 17 ਦਸੰਬਰ

ਰੂਸੀ ਸੈਨਾ ਨੇ ਯੁੂਕਰੇਨ ’ਤੇ ਹਮਲਾ ਤੇਜ਼ ਕਰਦਿਆਂ ਸ਼ੁੱਕਰਵਾਰ ਨੂੰ ਘੱਟੋ-ਘੱਟ 60 ਮਿਜ਼ਾਈਲਾਂ ਦਾਗ਼ੀਆਂ। ਯੂਕਰੇਨ ਦੀ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱੱਟ ਚਾਰ ਸ਼ਹਿਰਾਂ ਵਿੱਚ ਹਮਲੇ ਦੀਆਂ ਖ਼ਬਰਾਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਯੂਕਰੇਨ ਦੀ ਇੱਕ ਰਿਹਾਇਸ਼ੀ ਇਮਾਰਤ ’ਤੇ ਹਮਲੇ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਯੂਕਰੇਨ ਦੇ ਦੋ ਵੱਡੇ ਸ਼ਹਿਰਾਂ ਕੀਵ ਅਤੇ ਖਾਰਕੀਵ ਵਿੱਚ ਬਿਜਲੀ ਅਤੇ ਪਾਣੀ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ।

ਸੋਸ਼ਲ ਮੀਡੀਆ ਅਨੁਸਾਰ ਯੂਕਰੇਨ ਦੇ ਸ਼ਹਿਰ ਕੀਵ, ਦੱਖਣ-ਪੂਰਬੀ ਕ੍ਰੀਵੀਰੀਹਾ, ਦੱਖਣ-ਪੂਰਬੀ ਜ਼ਪੋਰਿਜ਼ਜ਼ੀਆ ਅਤੇ ਉੱਤਰ-ਪੂਰਬੀ ਖਾਰਕੀਵ ਵਿੱਚ ਮਿਜ਼ਾਈਲ ਹਮਲੇ ਦੀਆਂ ਖ਼ਬਰਾਂ ਹਨ।

ਯੂਕਰੇਨ ਹਵਾਈ ਸੈਨਾ ਦੇ ਬੁਲਾਰੇ ਯੂਰੀ ਇਹਾਨਤ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਚਾਰ ਸ਼ਹਿਰਾਂ ’ਤੇ 60 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਗਈਆਂ ਪਰ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਯੂਕਰੇਨ ਦੀ ਸੈਨਾ ਇਨ੍ਹਾਂ ਵਿੱਚੋਂ ਕਿੰਨੀਆਂ ਮਿਜ਼ਾਈਲਾਂ ਨਸ਼ਟ ਕਰਨ ਵਿੱਚ ਸਫ਼ਲ ਰਹੀ। ਹਾਲਾਂਕਿ ਕੁੱਝ ਅਧਿਕਾਰੀਆਂ ਨੇ ਕਿਹਾ ਕਿ ਕਈ ਮਿਜ਼ਾਈਲਾਂ ਨੂੰ ਸਫ਼ਲਤਾਪੂੁਰਵਕ ਨਸ਼ਟ ਕਰ ਦਿੱਤਾ ਗਿਆ। ਇਹਾਨਤ ਨੇ ਕਿਹਾ ਕਿ ਰੂੁਸੀ ਸੈਨਾ ਨੇ ਕਾਲਾ ਸਾਗਰ ਤੋਂ ਕਰੂਜ਼ ਮਿਜ਼ਾਈਲਾਂ ਦਾਗੀਆਂ ਤੇ ਐਂਟੀ-ਏਅਰਕ੍ਰਾਫਟ ਡਿਫੈਂਸ ਦਾ ਧਿਆਨ ਭਟਕਾਉਣ ਲਈ ਬੰਬਾਰ ਜਹਾਜ਼ਾਂ ਦੀ ਵਰਤੋਂ ਕੀਤੀ।