ਮਾਸਕੋ, 18 ਅਗਸਤ
ਰੂਸ ਦੀ ਇੱਕ ਅਦਾਲਤ ਨੇ ਯੂਕਰੇਨ ’ਚ ਸੰਘਰਸ਼ ਬਾਰੇ ਕਥਿਤ ਤੌਰ ’ਤੇ ਗਲਤ ਜਾਣਕਾਰੀ ਹਟਾਉਣ ’ਚ ਨਾਕਾਮ ਰਹਿਣ ’ਤੇ ਗੂਗਲ ਨੂੰ ਅੱਜ 30 ਲੱਖ ਰੂਬਲ (32 ਹਜ਼ਾਰ ਡਾਲਰ) ਦਾ ਜੁਰਮਾਨਾ ਕੀਤਾ ਹੈ। ਰੂਸੀ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਅਦਾਲਤ ਦੇ ਧਿਆਨ ’ਚ ਆਇਆ ਕਿ ਗੂਗਲ ਦੀ ਮਾਲਕੀ ਵਾਲੀ ਯੂਟਿਊਬ ਵੀਡੀਓ ਸੇਵਾ ਨੇ ਸੰਘਰਸ਼ ਬਾਰੇ ਗਲਤ ਜਾਣਕਾਰੀ ਦੇਣ ਵਾਲੀ ਵੀਡੀਓ ਨਹੀਂ ਹਟਾਈ ਹੈ। ਨਿਊਜ਼ ਏਜੰਸੀਆਂ ਅਨੁਸਾਰ ਗੂਗਲ ਨੂੰ ਉਹ ਵੀਡੀਓਜ਼ ਵੀ ਨਾ ਹਟਾਉਣ ਦਾ ਦੋਸ਼ੀ ਪਾਇਆ ਗਿਆ ਜੋ ਨਾਬਾਲਗਾਂ ਦੇ ਦੇਖਣ ਲਈ ਢੁੱਕਵੀਆਂ ਨਹੀਂ ਹਨ। ਰੂਸ ਦੀ ਇੱਕ ਅਦਾਲਤ ਨੇ ਯੂਕਰੇਨ ’ਚ ਰੂਸੀ ਫੌਜ ਦੀਆਂ ਕਾਰਵਾਈਆਂ ਬਾਰੇ ਝੂਠੀ ਜਾਣਕਾਰੀ ਸਾਂਝੀ ਕਰਨ ਵਾਲੀ ਸਮੱਗਰੀ ਹਟਾਉਣ ’ਚ ਨਾਕਾਮ ਰਹਿਣ ’ਤੇ ਐੱਪਲ ਤੇ ਵਿਕੀਪੀਡੀਆ ’ਤੇ ਵੀ ਅਗਸਤ ਦੀ ਸ਼ੁਰੂਆਤ ’ਚ ਜੁਰਮਾਨਾ ਲਾਇਆ ਸੀ। ਰੂਸ ਨੇ ਫਰਵਰੀ 2022 ’ਚ ਯੂਕਰੇਨ ’ਚ ਸੈਨਾ ਭੇਜਣ ਮਗਰੋਂ ਫੌਜੀ ਮੁਹਿੰਮ ਦੀ ਆਲੋਚਨਾ ਕਰਨ ਜਾਂ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਕਈ ਢੰਗ ਅਪਣਾਏ ਹਨ।