ਲਵੀਵ (ਯੂਕਰੇਨ), 20 ਮਾਰਚ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਰੂਸ ਦੀ ਸੈਨਾ ਦੇਸ਼ ਦੇ ਵੱਡੇ ਸ਼ਹਿਰਾਂ ਨੂੰ ਘੇਰ ਰਹੀ ਹੈ ਤੇ ਅਜਿਹੀ ਤਰਸਯੋਗ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਕਿ ਯੂਕਰੇਨ ਦੇ ਨਾਗਰਿਕਾਂ ਨੂੰ ਰੂਸੀ ਸੈਨਾ ਨਾਲ ਸਹਿਯੋਗ ਕਰਨਾ ਪਏ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਰੂਸ ਦੀ ਇਹ ਰਣਨੀਤੀ ਸਫਲ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਰੂਸ ਨੇ ਜੰਗ ਸਮਾਪਤ ਨਾ ਕੀਤੀ ਤਾਂ ਉਸ ਨੂੰ ਲੰਬੇ ਸਮੇਂ ਤਕ ਨੁਕਸਾਨ ਸਹਿਣਾ ਪਏਗਾ। ਉਨ੍ਹਾਂ ਨੇ ਕਰੈਮਲਿਨ (ਰੂਸ ਦਾ ਰਾਸ਼ਟਰਪਤੀ ਦਫ਼ਤਰ) ’ਤੇ ਜਾਣਬੁੱਝ ਕੇ ਮਨੁੱਖੀ ਸੰਕਟ ਪੈਦਾ ਕਰਨ ਦਾ ਦੋਸ਼ ਲਗਾਇਆ। ਸ੍ਰੀ ਜ਼ੇਲੈਂਸਕੀ ਨੇ ਵੀਡੀਓ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਇਹ ਇਕ ਸੋਚੀ ਸਮਝੀ ਚਾਲ ਹੈ। ਖੇਤਰੀ ਅਖੰਡਤਾ ਬਹਾਲੀ ਅਤੇ ਯੂਕਰੇਨ ਲਈ ਨਿਆਂ ਦਾ ਸਮਾਂ ਆ ਗਿਆ ਹੈ। ਅਜਿਹਾ ਨਾ ਕਰਨ ’ਤੇ ਰੂਸ ਨੂੰ ਭਾਰੀ ਕੀਮਤ ਚੁੱਕਾਉਣੀ ਪਏਗੀ ਜਿਸ ਨਾਲ ਉਹ ਕਈ ਪੀੜ੍ਹੀਆਂ ਤਕ ਉਭਰ ਨਹੀਂ ਸਕੇਗਾ।