ਵਾਸ਼ਿੰਗਟਨ: ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਟਰੰਪ ਐਕਸ਼ਨ ਮੋਡ ਵਿੱਚ ਹਨ। ਹਾਲ ਹੀ ਵਿੱਚ ਉਹਨਾਂ ਨੇ ਯੂਕਰੇਨ ਨਾਲ ਚੱਲ ਰਹੀ ਜੰਗ ਨੂੰ ਲੈ ਕੇ ਰੂਸ ਨੂੰ ਚਿਤਾਵਨੀ ਦਿੱਤੀ ਹੈ। ਉਹਨਾਂ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਇੱਕ ਸੌਦਾ ਕਰਨ ਲਈ ਕਿਹਾ ਹੈ। ਖਾਸ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਟਰੰਪ ਦਾਅਵਾ ਕਰ ਰਹੇ ਹਨ ਕਿ ਉਹ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਖਤਮ ਕਰ ਸਕਦੇ ਹਨ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਟਕਰਾਅ ਨੂੰ ਤਿੰਨ ਸਾਲ ਪੂਰੇ ਹੋਣ ਵਾਲੇ ਹਨ।

ਰਾਸ਼ਟਰਪਤੀ ਟਰੰਪ ਨੇ ਇਸ ਨੂੰ ਲੈ ਕੇ ਕਿਹਾ ਕਿ ਉਹ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਕਿਸੇ ਵੀ ਸਮੇਂ ਮਿਲਣ ਲਈ ਤਿਆਰ ਹਨ, ਪਰ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਰੂਸ ਯੂਕਰੇਨ ਦੇ ਮੁੱਦੇ ‘ਤੇ ਗੱਲਬਾਤ ਲਈ ਅੱਗੇ ਨਹੀਂ ਆਉਂਦਾ ਹੈ, ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਜੇਕਰ ਅਜਿਹਾ ਹੁੰਦਾ ਹੈ, ਤਾਂ ਰੂਸ ‘ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।

ਟਰੰਪ ਨੇ ਕਿਹਾ, ‘ਇਹ ਟਕਰਾਅ ਕਦੇ ਵੀ ਸ਼ੁਰੂ ਨਹੀਂ ਹੋਣਾ ਚਾਹੀਦਾ ਸੀ। ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਇੱਕ ਸਮਰੱਥ ਰਾਸ਼ਟਰਪਤੀ ਨਹੀਂ ਸੀ…, ਜੇ ਤੁਹਾਡੇ ਕੋਲ ਹੁੰਦਾ, ਤਾਂ ਜੰਗ ਨਾ ਹੁੰਦੀ। ਜੇ ਮੈਂ ਰਾਸ਼ਟਰਪਤੀ ਹੁੰਦਾ, ਤਾਂ ਯੂਕਰੇਨ ਵਿੱਚ ਕਦੇ ਵੀ ਜੰਗ ਨਾ ਹੁੰਦੀ। ਰੂਸ ਕਦੇ ਵੀ ਯੂਕਰੇਨ ਨਹੀਂ ਜਾਂਦਾ। ਪੁਤਿਨ ਅਤੇ ਮੇਰੇ ਵਿਚਕਾਰ ਬਹੁਤ ਚੰਗੀ ਅਤੇ ਮਜ਼ਬੂਤ ਸਮਝ ਸੀ। ਅਜਿਹਾ ਕਦੇ ਵੀ ਨਹੀਂ ਹੁੰਦਾ।’ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੱਛਮੀ ਇਥੋਪੀਆ ਵਿੱਚ ਵੀ ਅਜਿਹਾ ਕਦੇ ਨਹੀਂ ਹੁੰਦਾ ਕਿਉਂਕਿ ਈਰਾਨ ਬਹੁਤ ਕਮਜ਼ੋਰ ਸੀ।

ਟਰੰਪ ਨੇ ਕਿਹਾ ਕਿ ਉਹ ਪੁਤਿਨ ਨੂੰ ਕਿਸੇ ਵੀ ਸਮੇਂ ਮਿਲਣ ਲਈ ਤਿਆਰ ਹਨ। ਜਦੋਂ ਵੀ ਉਹ ਚਾਹੇਗਾ, ਮੈਂ ਉਨ੍ਹਾਂ ਨੂੰ ਮਿਲਾਂਗਾ। ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਫ਼ੌਜੀ ਹਨ… ਇਹ ਇੱਕ ਭਿਆਨਕ ਸਥਿਤੀ ਹੈ। ਬਹੁਤ ਸਾਰੇ ਲੋਕ ਮਾਰੇ ਗਏ ਹਨ ਅਤੇ ਸ਼ਹਿਰ ਤਬਾਹ ਹੋ ਗਏ ਹਨ।