ਮੁੰਬਈ:ਅਦਾਕਾਰ ਅੱਲੂ ਅਰਜੁਨ ਆਪਣੀ ਫਿਲਮ ‘ਪੁਸ਼ਪਾ-ਦਿ ਰਾਈਜ਼’ ਦੀ ਰਿਲੀਜ਼ ਸਬੰਧੀ ਅੱਜ-ਕੱਲ੍ਹ ਰੂਸ ਗਿਆ ਹੋਇਆ ਹੈ। ਇਸ ਫਿਲਮ ਵਿੱਚ ਅਦਾਕਾਰ ਨੇ ਚੰਦਨ ਦੀ ਲੱਕੜ ਦੇ ਤਸਕਰ ਦੀ ਭੂਮਿਕਾ ਨਿਭਾਈ ਹੈ। ਇੱਕ ਪ੍ਰਮੋਸ਼ਨਲ ਟੂਰ ਦੌਰਾਨ ਅਦਾਕਾਰ ਨੇ ਆਪਣੇ ਖ਼ਾਸ ‘ਪੁਸ਼ਪਾਰਾਜ’ ਅੰਦਾਜ਼ ਵਿੱਚ ਰੂਸ ਵਾਸੀਆਂ ਨੂੰ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਸੰਬੋਧਨ ਕੀਤਾ, ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ। ਅਦਾਕਾਰ ਦੀ ਇਸ ਪੇਸ਼ਕਾਰੀ ਨੂੰ ਦੇਖ ਕੇ ਉਥੇ ਮੌਜੂਦ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਤਾੜੀਆਂ ਤੇ ਸੀਟੀਆਂ ਮਾਰ ਕੇ ਉਸ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਹ ਫਿਲਮ ਰੂਸ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ, ਜਿਸ ਦੇ ਪ੍ਰਚਾਰ ਵਿੱਚ ਫਿਲਮ ਦੀ ਸਾਰੀ ਟੀਮ ਲੱਗੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਦਸੰਬਰ ਨੂੰ ਇਹ ਫਿਲਮ ਮਾਸਕੋ ਤੇ 3 ਦਸੰਬਰ ਨੂੰ ਸੇਂਟ ਪੀਟਰਜ਼ਬਰਗ ਵਿੱਚ ਰਿਲੀਜ਼ ਕੀਤੀ ਗਈ ਹੈ। ਰੂਸ ਵਿੱਚ ਕਈ ਸਿਨੇਮਾਘਰਾਂ ’ਚ ਇਹ ਫਿਲਮ 8 ਦਸੰਬਰ ਤੱਕ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਰੂਸ ਦੇ 24 ਸ਼ਹਿਰਾਂ ਵਿੱਚ ਹੋਣ ਵਾਲੇ ਪੰਜਵੇਂ ਭਾਰਤੀ ਫਿਲਮ ਫੈਸਟੀਵਲ ਦੀ ਸ਼ੁਰੂਆਤ ਵੀ ਇਸ ਫਿਲਮ ਦੇ ਪ੍ਰੀਮੀਅਰ ਨਾਲ ਕੀਤੀ ਜਾਵੇਗੀ।