ਰੁਸ ਦੇ ਕਜ਼ਾਨ ਸ਼ਹਿਰ ‘ਚ ਸਨਿਚਰਵਾਰ ਸਵੇਰੇ ਅਮਰੀਕਾ ਦੇ 9/11 ਵਰਗਾ ਹਮਲਾ ਹੋਇਆ। ਜਾਣਕਾਰੀ ਮੁਤਾਬਕ, ਯੂਕਰੇਨ ਨੇ ਰੂਸ ਦੇ ਕਜ਼ਾਨ ਵਿਚ 8 ਡਰੋਨ ਹਮਲੇ ਕੀਤੇ ਜਿਨ੍ਹਾਂ ‘ਚੋਂ ਕਰੀਬ 6 ਰਿਹਾਇਸ਼ੀ ਇਮਾਰਤਾਂ ‘ਤੇ ਕੀਤੇ ਗਏ ਹਨ। ਹਮਲਾ ਮਾਸਕੋ ਤੋਂ 600 ਕਿਲੋਮੀਟਰ ਦੂਰ ਹੋਇਆ। ਰੂਸ ਨੇ ਇਸ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਟਵੀਟ ਕਰ ਕੇ ਕਿਹਾ ਹੈ ਕਿ ਇਹ ਡਰੋਨ ਹਮਲਾ ਯੂਕਰੇਨ ਵਲੋਂ ਕੀਤਾ ਗਿਆ ਹੈ।

ਹੁਣ ਤਕ ਦੀ ਜਾਣਕਾਰੀ ਮੁਤਾਬਕ ਡਰੋਨ ਨੇ ਕਈ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਰੂਸ ਦੀ ਹਵਾਈ ਰਖਿਆ ਪ੍ਰਣਾਲੀ ਨੇ ਇਨ੍ਹਾਂ ਨੂੰ ਨਾਕਾਮ ਕਰ ਦਿਤਾ। ਸਾਹਮਣੇ ਆਈਆਂ ਤਸਵੀਰਾਂ ਮੁਤਾਬਕ ਡਰੋਨ ਇਮਾਰਤਾਂ ਨਾਲ ਟਕਰਾਏ ਅਤੇ ਫਿਰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿਤੀ।

ਇਨ੍ਹਾਂ ਹਮਲਿਆਂ ਬਾਅਦ ਰੂਸ ਦੇ ਦੋ ਏਅਰਪੋਰਟ ਨੂੰ ਬੰਦ ਕਰ ਦਿਤਾ ਹੈ। ਹਾਲਾਂਕਿ ਹੁਣ ਤਕ ਰੂਸ ‘ਚ ਹੋਏ ਹਮਲਿਆਂ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਹਮਲੇ ਨੂੰ ਅਮਰੀਕਾ ‘ਤੇ ਹੋਇਆ 9/11 ਵਰਗਾ ਹਮਲਾ ਦਸਿਆ ਜਾ ਰਿਹਾ ਹੈ।