ਮੇਲੇਖੋਵੋ, 5 ਅਗਸਤ
ਰੂਸ ਦੀ ਇੱਕ ਅਦਾਲਤ ਨੇ ਵਿਰੋਧੀ ਨੇਤਾ ਅਲੈਕਸੀ ਨਵਾਲਨੀ ਨੂੰ ਕੱਟੜਪੰਥੀ ਦੇ ਦੋਸ਼ਾਂ ਹੇਠ ਅੱਜ 19 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਜਾਣਕਾਰੀ ਉਸ ਦੇ ਤਰਜਮਾਨ ਅਤੇ ਰੂਸੀ ਖ਼ਬਰ ਏਜੰਸੀਆਂ ਨੇ ਦਿੱਤੀ। ਨਵਾਲਨੀ ਪਹਿਲਾਂ ਹੀ ਕੁਝ ਮਾਮਲਿਆਂ ’ਚ 9 ਸਾਲ ਦੀ ਸਜ਼ਾ ਕੱਟ ਰਿਹਾ ਹੈ। ਵਿਰੋਧੀ ਨੇਤਾ ਖ਼ਿਲਾਫ਼ ਨਵੇਂ ਦੋਸ਼ ਉਸ ਵੱਲੋਂ ਕਾਇਮ ਭ੍ਰਿਸ਼ਟਾਚਾਰ ਵਿਰੋਧੀ ਫਾਊਂਡੇਸ਼ਨ ਦੀਆਂ ਸਰਗਰਮੀਆਂ ਤੇ ਉਸ ਦੇ ਉੱਚ ਸਹਿਯੋਗੀਆਂ ਦੇ ਬਿਆਨਾਂ ਨਾਲ ਸਬੰਧਤ ਹਨ। ਸਾਲ 2021 ਵਿੱਚ ਰੂਸੀ ਅਧਿਕਾਰੀਆਂ ਨੇ ਰੂਸੀ ਖੇਤਰਾਂ ਵਿੱਚ ਸਥਿਤ ਨਵਾਲਨੀ ਦਫ਼ਤਰਾਂ ਅਤੇ ਫਾਊਂਡੇਸ਼ਨ ਦੇ ਵੱਡੇ ਨੈੱਟਵਰਕ ਨੂੰ ਕੱਟੜਪੰਥੀ ਸੰਗਠਨ ਦੱਸਦਿਆਂ ਗ਼ੈਰਕਾਨੂੰਨੀ ਐਲਾਨ ਦਿੱਤਾ ਸੀ। ਅਲੈਕਸੀ ਨਵਾਲਨੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਕੱਟੜ ਆਲੋਚਕ ਹੈ।