ਦਾਵੋਸ (ਸਵਿਟਜ਼ਰਲੈਂਡ), 18 ਜਨਵਰੀ
ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲਿਆਂ ਕਾਰਨ ਹੁਣ ਤਕ ਯੂਕਰੇਨ ਵਿੱਚ 9 ਹਜ਼ਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚ 453 ਬੱਚੇ ਸ਼ਾਮਲ ਹਨ। ਇਹ ਜਾਣਕਾਰੀ ਯੂਕਰੇਨੀ ਰਾਸ਼ਟਰਪਤੀ ਦੇ ਸਹਾਇਕ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰੂਸ ਦੀ ਫੌਜ ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਯੂਕਰੇਨ ’ਚ ਦਾਖਲ ਹੋਈ ਸੀ। ਯੂਕਰੇਨ ਦੇ ਰਾਸ਼ਟਰਪਤੀ ਸਟਾਫ ਦੇ ਮੁਖੀ ਐਂਡਰੀ ਯਰਮਾਕ ਨੇ ਦੱਸਿਆ ਕਿ ਰੂਸ ਦੀ ਫੌਜ ਨੇ ਯੂਕਰੇਨ ਵਿੱਚ ਅਪਰਾਧ ਦੀਆਂ 80 ਹਜ਼ਾਰ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਵਿੱਚ 453 ਬੱਚਿਆਂ ਸਣੇ 9 ਹਜ਼ਾਰ ਤੋਂ ਵਧ ਨਾਗਰਿਕਾਂ ਦੀ ਮੌਤ ਹੋਈ ਹੈ।
ਦਾਵੋਸ ਦੇ ਸਵਿਸ ਰਿਜ਼ੋਰਟ ਵਿੱਚ ਵਿਸ਼ਵ ਆਰਥਿਕ ਫੋਰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਾਨਾਂ ਲੈਣ ਜਾਂ ਅਪਰਾਧ ਦੀ ਕਿਸੇ ਵੀ ਘਟਨਾ ਲਈ ਰੂਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਤਸ਼ੱਦਦ ਦੀ ਹਰ ਘਟਨਾ ਲਈ ਜਵਾਬ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਚਾਹੁੰਦਾ ਹੈ ਕਿ ਰੂਸ ਵਲੋਂ ਕੀਤੀ ਗਈ ਤਬਾਹੀ ਲਈ ਵਿਸ਼ੇਸ਼ ਕੌਮਾਂਤਰੀ ਟ੍ਰਿਬਿਊਨਲ ਦਾ ਗਠਨ ਕੀਤਾ ਜਾਵੇ ਅਤੇ ਰੂਸ ਦੇ ਸਿਆਸੀ ਆਗੂਆਂ ਖ਼ਿਲਾਫ਼ ਕਾਰਵਾਈ ਵਿੱਢੀ ਜਾਵੇ।