ਕੀਵ, 15 ਦਸੰਬਰ

ਰੂਸੀ ਡਰੋਨਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਪੰਜ ਇਮਾਰਤਾਂ ਤਬਾਹ ਕਰ ਦਿੱਤੀਆਂ ਹਨ ਜਦੋਂਕਿ ਯੂਕਰੇਨ ਦੀ ਹਵਾਈ ਸੈਨਾ ਨੇ ਇਨ੍ਹਾਂ ਵਿਚੋਂ ਕਈ ਡਰੋਨਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਅਥਾਰਿਟੀਜ਼ ਨੇ ਕਿਹਾ ਕਿ ਡਰੋਨ ਹਮਲਿਆਂ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਰੂਸ ਵੱਲੋਂ ਹਾਲੀਆ ਹਫ਼ਤਿਆਂ ਵਿੱਚ ਯੂਕਰੇਨ ਦੇ ਪੂਰਬੀ ਤੇ ਦੱਖਣੀ ਹਿੱਸੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ਵਿੱਚ ਬੁਨਿਆਦੀ ਢਾਂਚੇ ਤੇ ਵਸੋਂ ਵਾਲੇ ਹੋਰਨਾਂ ਇਲਾਕਿਆਂ ਵਿਚ ਵੱਡਾ ਨੁਕਸਾਨ ਹੋਇਆ ਹੈ। 

ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸੰਖੇਪ ਵੀਡੀਓ ਬਿਆਨ ਵਿੱਚ ਕਿਹਾ ਕਿ ‘ਦਹਿਸ਼ਤਗਰਦਾਂ’ ਨੇ ਇਰਾਨ ਦੇ ਬਣੇ 13 ਡਰੋਨ ਦਾਗ਼ੇ ਤੇ ਇਨ੍ਹਾਂ ਸਾਰਿਆਂ ਨੂੰ ਹੇਠਾਂ ਸੁੱਟ ਲਿਆ ਗਿਆ। ਰੂਸ ਵੱਲੋਂ ਹਾਲੀਆ ਹਫ਼ਤਿਆਂ ਦੌਰਾਨ ਯੂਕਰੇਨ ਦੇ ਵੱਖ ਵੱਖ ਹਿੱਸਿਆਂ ਨੂੰ ਨਿਸ਼ਾਨ ਬਣਾ ਕੇ ਕੀਤੇ ਹਮਲੇ ਵਿਚ ਮੋਰਟਾਰ ਤੇ ਰਾਕੇਟਾਂ ਤੋਂ ਇਲਾਵਾ ਡਰੋਨ ਵੀ ਸ਼ਾਮਲ ਸਨ। ਕੀਵ ਸਿਟੀ ਪ੍ਰਸ਼ਾਸਨ ਦੇ ਮੁਖੀ ਸੈਰਹੀ ਪੋਪਕੋ ਨੇ ਟੈਲੀਗਰਾਮ ’ਤੇ ਲਿਖਿਆ ਕਿ ਹਮਲੇ ਦੋ ਹਿੱਸਿਆਂ ਵਿੱਚ ਹੋਏ। ਪਹਿਲੇ ਹਮਲੇ ਵਿੱਚ ਡਰੋਨਾਂ ਜ਼ਰੀਏ ਪ੍ਰਸ਼ਾਸਨਿਕ ਇਮਾਰਤ ਨੂੰ ਤਬਾਹ ਕੀਤਾ ਗਿਆ ਜਦੋਂਕਿ ਚਾਰ ਰਿਹਾਇਸ਼ੀ ਇਮਾਰਤਾਂ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ। ਹਮਲੇ ਮਗਰੋਂ ਰਾਜਧਾਨੀ ਕੀਵ ਵਿੱਚ ਸੁੰਨ ਪਸਰੀ ਰਹੀ। ਉਂਜ ਹਮਲੇ ਕਰਕੇ ਕੇਂਦਰੀ ਸ਼ੇਵਚੈਂਕੀਵਸਕੀ ਸੂਬੇ ਦੀ ਤਿੰਨ ਮੰਜ਼ਿਲਾ ਪ੍ਰਸ਼ਾਸਨਿਕ ਇਮਾਰਤ ਦੀ ਛੱਤ ’ਤੇ ਵੱਡਾ ਮੋਘਾ ਹੋ ਗਿਆ ਤੇ ਧਮਾਕੇ ਕਰਕੇ ਉਥੇ ਖੜ੍ਹੀਆਂ ਕਾਰਾਂ ਤੇ ਨੇੜਲੀ ਇਮਾਰਤ ਦੇ ਸ਼ੀਸ਼ੇ ਟੁੱਟ ਗਏ। ਇਸ ਤੋਂ ਪਹਿਲਾਂ ਯੂਕਰੇਨੀ ਫੌਜਾਂ ਨੇ 5 ਦਸੰਬਰ ਨੂੰ ਰੂਸੀ ਫੌਜ ਵੱਲੋਂ ਕੀਤੇ ਹਮਲਿਆਂ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਸੀ। ਇਨ੍ਹਾਂ ਵਿਚੋਂ ਕੁਝ ਦਾ ਨਿਸ਼ਾਨਾ ਰਾਜਧਾਨੀ ਤੇ ਨੇੜਲਾ ਖੇਤਰ ਸੀ। ਇਸ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਬਾਇਡਨ ਸਰਕਾਰ ਨੇ ਪੈਟਰੀਅਟ ਮਿਜ਼ਾਈਲ ਬੈਟਰੀ ਯੂਕਰੇਨ ਭੇਜਣ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਪਿਛਲੇ ਹਫਤੇ ਕਿਹਾ ਸੀ ਕਿ ਮਾਸਕੋ ਨੇ ਡਰੋਨਾਂ ਤੇ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਲਈ ਇਰਾਨ ’ਤੇ ਟੇਕ ਰੱਖੀ ਹੋਈ ਹੈ।