ਮੁੰਬਈ:ਬਿੱਗ ਬੌਸ ਸੀਜ਼ਨ-14 ਵਿੱਚੋਂ ਹਾਲ ਹੀ ’ਚ ਬੇਦਖ਼ਲ ਹੋਈ ਅਦਾਕਾਰਾ ਤੇ ਸਿਆਸਤਦਾਨ ਸੋਨਾਲੀ ਫੋਗਾਟ ਦਾ ਮੰਨਣਾ ਹੈ ਕਿ ਟੈਲੀਵਿਜ਼ਨ ਅਦਾਕਾਰਾ ਰੂਬੀਨਾ ਦਿਲੈਕ ਬੜੀ ਚਲਾਕੀ ਨਾਲ ਲੋਕਾਂ ਦਾ ਜੋੜ-ਤੋੜ ਕਰਨ ਦੀ ਮਾਹਿਰ ਹੈ ਅਤੇ ਉਹ ਇਸ ਮਸ਼ਹੂਰ ਰਿਐਲਿਟੀ ਸ਼ੋਅ ਦਾ ਅੰਤ ਜੇਤੂ ਰਹਿ ਕੇ ਕਰੇਗੀ। ਸੋਨਾਲੀ ਨੇ ਆਖਿਆ,‘‘ਮੇਰੇ ਬਿੱਗ ਬੌਸ ਦੇ ਘਰ ’ਚ ਜਾਣ ਤੋਂ ਪਹਿਲਾਂ ਮੈਂ ਕੁਝ ਹੀ ‘ਐਪੀਸੋਡ’ ਦੇਖੇ ਸਨ ਅਤੇ ਮੈਂ ਸੋਚਦੀ ਸੀ ਕਿ ਰੂਬੀਨਾ ਤੇ ਰਾਹੁਲ ਵੈਦਿਆ ਬਹੁਤ ਮਜ਼ਬੂਤ ਖਿਡਾਰੀ ਹਨ। ਮੈਂ ਸੋਚਦੀ ਸੀ ਕਿ ਐਜਾਜ਼ ਖਾਨ ਗੁਸਤਾਖ਼ ਹੈ ਕਿਉਂਕਿ ਉਸ ਨੇ ਘਰ ’ਚ ਬਹੁਤ ਝਗੜੇ ਕੀਤੇ ਪਰ ਜਦੋਂ ਮੈਂ ਘਰ ’ਚ ਦਾਖ਼ਲ ਹੋਈ ਤਾਂ ਹਕੀਕਤ ਬਿਲਕੁਲ ਉਨ੍ਹਾਂ ਤੋਂ ਉਲਟ ਸੀ। ਮੇਰਾ ਮੰਨਣਾ ਹੈ ਕਿ ਰੂਬੀਨਾ ਅਜਿਹੇ ਸ਼ੋਅ ਲਈ ਬਣੀ ਹੈ। ਉਹ ਬਹੁਤ ਚਲਾਕ ਖਿਡਾਰੀ ਹੈ ਅਤੇ ਉਹ ਬਹੁਤ ਵਧੀਆ ਢੰਗ ਨਾਲ ਆਪਣੀ ਖੇਡ, ਖੇਡ ਰਹੀ ਹੈ। ਮੇਰਾ ਮੰਨਣਾ ਹੈ ਕਿ ਰੂਬੀਨਾ ਅਜਿਹੇ ਖਿਡਾਰੀਆਂ ਵਿਚੋਂ ਹੈ ਜੋ ਟਰਾਫ਼ੀ ਜਿੱਤ ਸਕਦੇ ਹਨ। ਅਸਲ ਵਿੱਚ ਮੇਰੇ ਵਰਗੇ ਲੋਕ ਅਜਿਹੇ ਸ਼ੋਅ ਲਈ ਨਹੀਂ ਬਣੇ ਜਿਥੇ ਤੁਹਾਨੂੰ ਨਿੱਤ ਆਪਣਾ ਪੈਂਤੜਾ ਬਦਲਣਾ ਪਵੇ ਅਤੇ ਸ਼ੋਅ ਵਿੱਚ ਇਹੀ ਰਣਨੀਤੀ ਹੁੰਦੀ ਹੈ।’’ ਜਾਣਕਾਰੀ ਅਨੁਸਾਰ ਸੋਨਾਲੀ ਫੋਗਾਟ ਬੀਜੀਪੀ ਦੇ ਮਹਿਲਾ ਮੋਰਚਾ ਦੀ ਕੌਮੀ ਮੀਤ ਪ੍ਰਧਾਨ ਹੈ। ਸਾਲ 2016 ਵਿੱਚ ਉਹ ਆਪਣੇ ਪਹਿਲੇ ਟੀਵੀ ਸ਼ੋਅ ‘ਅੰਮਾ: ਏਕ ਮਾਂ ਜੋ ਲਾਖੋਂ ਕੇ ਲੀਏ ਬਨੀ ਅੰਮਾ’ ਨਾਲ ਛੋਟੇ ਪਰਦੇ ’ਤੇ ਆਈ ਸੀ।