ਰੂਪਨਗਰ, 28 ਨਵੰਬਰ

ਰੂਪਨਗਰ ਪੁਲੀਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਚਾਰ ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਦੋਂ ਕਿ ਇਨ੍ਹਾਂ ਦਾ ਇੱਕ ਸਾਥੀ ਫਰਾਰ ਹੋਣ ਵਿੱਚ ਸਫਲ ਹੋ ਗਿਆ। ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ 26 ਨਵੰਬਰ ਨੂੰ ਐੱਸਪੀ (ਡਿਟੈਕਟਿਵ) ਮਨਿੰਦਰਵੀਰ ਸਿੰਘ ਅਤੇ ਡੀਐੱਸਪੀ (ਡਿਟੈਕਟਿਵ) ਰੂਪਨਗਰ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀਆਈਏ ਰੂਪਨਗਰ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਦੀ ਟੀਮ ਵੱਲੋਂ ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ ਟਿੰਕਾ, ਸਤਵੀਰ ਸਿੰਘ ਉਰਫ ਸ਼ੰਮੀ ਅਤੇ ਬੇਅੰਤ ਸਿੰਘ ਨੂੰ ਤਿੰਨ ਪਿਸਤੌਲਾਂ, 22 ਕਾਰਤੂਸ, ਇੱਕ ਕ੍ਰਿਪਾਨ ਅਤੇ 12 ਲੋਹੇ ਦੀਆਂ ਰਾਡਾਂ ਸਮੇਤ ਕਾਬੂ ਕੀਤਾ ਗਿਆ ਹੈ। ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ’ਚ ਸਨ। ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ ਟਿੰਕਾ ਅਤੇ ਸਤਵੀਰ ਸਿੰਘ ਉਰਫ ਸ਼ੰਮੀ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ। ਮੁਲਜ਼ਮ ਇੱਕ ਵਿਅਕਤੀ ਦੇ ਪੱਟ ਵਿੱਚ ਗੋਲੀ ਮਾਰ ਕੇ ਫਰਾਰ ਹੋਏ ਸਨ। ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕਰਨ ਉਪਰੰਤ ਸਖਤੀ ਨਾਲ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ।