ਮੁੰਬਈ:ਬੌਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਸ ਨਾਲ ਭਰੇ ਇੱਕ ਸੁਨੇਹੇ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। ਰੀਆ ਨੇ ਇਸ ਤਸਵੀਰ ਵਿਚ ਪੀਲੇ ਰੰਗ ਦਾ ਕੁੜਤਾ ਪਾਇਆ ਹੈ ਅਤੇ ਉਹ ਰਬਿੰਦਰ ਨਾਥ ਟੈਗੋਰ ਦੀ ਕਵਿਤਾ ‘ਗੀਤਾਂਜਲੀ’ ਪੜ੍ਹਦੀ ਨਜ਼ਰ ਆ ਰਹੀ ਹੈ। ਉਸ ਨੇ ਇਸ ਕਵਿਤਾ ਦੀਆਂ ਲਾਈਨਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ’ਤੇ ਉਸ ਦੀ ਸਹੇਲੀ ਸ਼ਿਬਾਨੀ ਡਾਂਡੇਕਰ ਨੇ ਦਿਲ ਵਾਲੀ ਇਮੋਜੀ ਬਣਾ ਕੇ ‘ਲਵ ਯੂ’ ਲਿਖਿਆ ਹੈ। ਦੱਸਣਯੋਗ ਹੈ ਕਿ ਆਪਣੇ ਕਥਿਤ ਬੁਆਏ ਫ੍ਰੈਂਡ ਅਤੇ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰੀਆ ਸੋਸ਼ਲ ਮੀਡੀਆ ’ਤੇ ਬਹੁਤੀ ਐਕਟਿਵ ਨਹੀਂ ਰਹਿੰਦੀ। ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਸੁਸ਼ਾਂਤ ਦੇ ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਅਤੇ ਨਾਰਕੌਟਿਕ ਕੰਟਰੋਲ ਬਿਊਰੋ ਵੱਲੋਂ ਡਰੱਗ ਮਾਮਲੇ ’ਚ ਨਾਮਜ਼ਦ ਕੀਤੇ ਜਾਣ ਮਗਰੋਂ ਰੀਆ ਆਪਣੇ ਭਰਾ ਸ਼ੋਵਿਕ ਸਣੇ ਇਕ ਮਹੀਨਾ ਮੁੰਬਈ ਦੀ ਜੇਲ੍ਹ ਵਿਚ ਰਹਿ ਚੁੱਕੀ ਹੈ। ਰੀਆ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਨਾਲ ‘ਚਿਹਰੇ’ ਫਿਲਮ ਵਿੱਚ ਕੰਮ ਕਰ ਚੁੱਕੀ ਹੈ ਜੋ ਕਿ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੀ ਪਹਿਲੀ ਫ਼ਿਲਮ ਹੈ।