ਐਸ.ਏ.ਐਸ. ਨਗਰ (ਮੁਹਾਲੀ), 9 ਸਤੰਬਰ
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ਼) ਵੱਲੋਂ ਵਿਦੇਸ਼ ਆਧਾਰਿਤ ਗੈਂਗਸਟਰ ਤੋਂ ਅਤਿਵਾਦੀ ਬਣੇ ਹਰਵਿੰਦਰ ਰਿੰਦਾ ਦੇ ਸਾਥੀ ਸਣੇ 3 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਅਨੁਸਾਰ ਇਨ੍ਹਾਂ ’ਚੋਂ ਇੱਕ ਮੁਲਜ਼ਮ ਨੂੰ ਭਾਰਤ-ਨੇਪਾਲ ਸਰਹੱਦ ਅਤੇ ਦੋ ਮੁਲਜ਼ਮਾਂ ਨੂੰ ਗੁਰੂਗਰਾਮ ਤੋਂ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਜਸਕਰਨ ਸਿੰਘ ਉਰਫ਼ ਜੱਸੀ ਪਿੰਡ ਲੋਧੀਪੁਰਾ (ਸ਼ਹੀਦ ਭਗਤ ਸਿੰਘ ਨਗਰ), ਜੁਗਰਾਜ ਸਿੰਘ ਉਰਫ਼ ਜੋਗਾ ਪਰੀਵਾਲ (ਜਲੰਧਰ) ਅਤੇ ਸੁਖਮਨਜੀਤ ਸਿੰਘ ਉਰਫ਼ ਸੁਖਮਨ ਬਰਾੜ ਵਾਸੀ ਨਿਊ ਦਿਓਲ ਨਗਰ (ਜਲੰਧਰ) ਵਜੋਂ ਹੋਈ ਹੈ। ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕਰਨ ਵਾਲੀ ਟੀਮ ਵਿੱਚ ਏਆਈਜੀ ਸੰਦੀਪ ਗੋਇਲ ਦੇ ਨਾਲ ਡੀਐਸਪੀ ਰਮਨਦੀਪ ਸਿੰਘ, ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਡੀਐਸਪੀ ਰਾਜਨ ਪਰਮਿੰਦਰ ਸਿੰਘ ਸ਼ਾਮਲ ਸਨ।