ਭਿਵਾਨੀ, 27 ਫਰਵਰੀ
ਭਾਰਤ ਦੀ ਨੌਜਵਾਨ ਪਹਿਲਵਾਨ ਤੇ ਫੋਗਾਟ ਭੈਣਾਂ ਵਿਚੋਂ ਸਭ ਤੋਂ ਛੋਟੀ ਰਿਤੂ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈ ਕੇ ਮਿਕਸ ਮਾਰਸ਼ਲ ਆਰਟ (ਐੱਮਐੱਮਏ) ਵਿਚ ਹੱਥ ਅਜ਼ਮਾਉਣ ਦਾ ਫ਼ੈਸਲਾ ਕੀਤਾ ਹੈ।
ਰਿਤੂ ਦੇ ਪਿਤਾ ਤੇ ਦਰੋਣਾਚਾਰੀਆ ਐਵਾਰਡ ਜੇਤੂ ਕੋਚ ਮਹਾਵੀਰ ਫੋਗਾਟ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਅੰਡਰ-23 ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਜੇਤੂ ਰਿਤੂ ਐਮਐਮਏ ਵਿਚ ਸਿੰਗਾਪੁਰ ਦੀ ‘ਇਵਾਲਵ ਫਾਈਟ ਟੀਮ’ ਨਾਲ ਜੁੜ ਗਈ ਹੈ ਤੇ ਉਹ ਵਿਸ਼ਵ ਚੈਂਪੀਅਨ ਖਿਡਾਰੀਆਂ ਦੇ ਦੇਖ-ਰੇਖ ਹੇਠ ਅਭਿਆਸ ਕਰ ਰਹੀ ਹੈ। ਰਿਤੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਐਮਐਮਏ ਵਿਚ ਵਿਸ਼ਵ ਚੈਂਪੀਅਨ ਬਣਨਾ ਲੋਚਦੀ ਹੈ। ਉਸ ਨੇ ਕਿਹਾ ਕਿ ਸੁਫ਼ਨਾ ਹੈ ਕਿ ਮਿਕਸ ਮਾਰਸ਼ਲ ਆਰਟ ਵਿਚ ਵਿਸ਼ਵ ਚੈਂਪੀਅਨ ਬਣਨ ਵਾਲੀ ਉਹ ਪਹਿਲੀ ਭਾਰਤੀ ਬਣੇ।