ਨਵੀਂ ਦਿੱਲੀ, ਭਾਰਤੀ ਚੋਣਕਾਰ ਦੱਖਣੀ ਅਫਰੀਕਾ ਖ਼ਿਲਾਫ਼ ਹੋਣ ਵਾਲੀ ਦੋ ਟੈਸਟਾਂ ਦੀ ਲੜੀ ਲਈ ਵੀਰਵਾਰ ਨੂੰ ਇੱਥੇ ਟੀਮ ਚੁਣਨਗੇ, ਜਿਸ ਵਿੱਚ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਰੋਹਿਤ ਸ਼ਰਮਾ ਟੀਮ ਵਿੱਚ ਥਾਂ ਬਣਾ ਸਕਦਾ ਹੈ। ਭਾਰਤੀ ਕ੍ਰਿਕਟ ਟੀਮ ਦਾ ਉਪ ਕਪਤਾਨ ਰੋਹਿਤ ਵੈਸਟ ਇੰਡੀਜ਼ ਖ਼ਿਲਾਫ਼ ਨਹੀਂ ਖੇਡ ਸਕਿਆ ਸੀ।
ਹਨੁਮਾ ਵਿਹਾਰੀ ਅਤੇ ਅਜਿੰਕਿਆ ਰਹਾਣੇ ਦੇ ਬੱਲੇਬਾਜ਼ੀ ਕ੍ਰਮ ਵਿੱਚ ਕ੍ਰਮਵਾਰ ਪੰਜਵਾਂ ਅਤੇ ਛੇਵਾਂ ਸਥਾਨ ਪੱਕਾ ਕਰਨ ਮਗਰੋਂ ਰੋਹਿਤ ਨੂੰ ਬਤੌਰ ਸਲਾਮੀ ਬੱਲੇਬਾਜ਼ ਵਜੋਂ ਅਜਮਾਉਣ ਦੀ ਉਮੀਦ ਹੈ। ਚੇਤੇਸ਼ਵਰ ਪੁਜਾਰਾ ਤੀਜੇ ਨੰਬਰ ਲਈ ਅਤੇ ਕਪਤਾਨ ਵਿਰਾਟ ਕੋਹਲੀ ਚੌਥੇ ਨੰਬਰ ਲਈ ਪਹਿਲੀ ਪਸੰਦ ਹੋਣਗੇ। ਮੁੱਖ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਕੋਹਲੀ ਕੋਲ ਰੋਿਹਤ ਨੂੰ ਮੋਹਰੀ ਕ੍ਰਮ ਵਿੱਚ ਅਜਮਾਉਣ ਦਾ ਬਦਲ ਹੀ ਬਚਿਆ ਹੈ। ਹੋਰ ਸਲਾਮੀ ਬੱਲੇਬਾਜ਼ਾਂ ਦੀ ਦੌੜ ਵਿੱਚ ਗੁਜਰਾਤ ਦਾ ਪ੍ਰਿਆਂਕ ਪੰਚਾਲ ਅਤੇ ਪੰਜਾਬ ਦਾ ਸ਼ੁਭਮਨ ਗਿੱਲ ਵੀ ਹਨ।