ਵਾਸ਼ਿੰਗਟਨ, 3 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੂੰ ਦੱਸਿਆ ਕਿ ਭਾਰਤ ਇਸ ਵੇਲੇ ਦੋ ਵੱਖ-ਵੱਖ ਵਿਚਾਰਧਾਰਾਵਾਂ ਵਿਚਾਲੇ ‘ਜੰਗ’ ਦੇਖ ਰਿਹਾ ਹੈ। ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਸਾਰੀਆਂ ਵਿਰੋਧੀ ਧਿਰਾਂ ਦੇਸ਼ ਅੱਗੇ ਸੱਤਾਧਾਰੀ ਭਾਜਪਾ ਤੋਂ ਵੱਖਰਾ ‘ਬਦਲਵਾਂ ਦ੍ਰਿਸ਼ਟੀਕੋਣ’ ਰੱਖਣ ਲਈ ਇਕਜੁੱਟ ਹੋ ਰਹੀਆਂ ਹਨ। ਅਮਰੀਕਾ ਦੀ ਰਾਜਧਾਨੀ ਵਿਚ ਆਪਣੇ ਆਖ਼ਰੀ ਭਾਸ਼ਣ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਜਦ ਵੀ ਉਹ ਗੈਰ-ਕਾਂਗਰਸੀ ਪਾਰਟੀਆਂ ਨੂੰ ਮਿਲਦੇ ਹਨ ਤਾਂ ਉਹ ਹਮੇਸ਼ਾ ਇਸ ਗੱਲ ਉਤੇ ਜ਼ੋਰ ਦਿੰਦੇ ਹਨ ਕਿ ਇਕਜੁੱਟ ਹੋ ਕੇ ਭਾਜਪਾ ਵਿਰੁੱਧ ਲੜਨਾ ਚਾਹੀਦਾ ਹੈ। ਰਾਹੁਲ ਨੇ ਕਿਹਾ, ‘ਮੀਡੀਆ ਦੇ ਕਈ ਲੋਕ ਭਾਜਪਾ ਨੂੰ ਸਭ ਤੋਂ ਵੱਡਾ ਕਰ ਕੇ ਦਿਖਾਉਣਾ ਪਸੰਦ ਕਰਦੇ ਹਨ, ਆਰਐੱਸਐੱਸ ਨੂੰ ਵੀ ਉਹ ਇਸੇ ਤਰ੍ਹਾਂ ਦਿਖਾਉਂਦੇ ਹਨ। ਤੁਸੀਂ ਕਿਰਪਾ ਕਰ ਕੇ ਹਿਮਾਚਲ ਦੀਆਂ ਚੋਣਾਂ ਦੇਖੋ, ਕਰਨਾਟਕ ਦੀਆਂ ਚੋਣਾਂ ਦੇਖੋ। ਹੁਣ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿਚ ਚੋਣਾਂ ਹੋਣਗੀਆਂ…ਉਨ੍ਹਾਂ ਨੂੰ ਵੀ ਦੇਖੋ ਤੇ ਤੁਹਾਨੂੰ ਨਜ਼ਰ ਆਵੇਗਾ ਕਿ ਕਾਂਗਰਸ ਪਾਰਟੀ ਭਾਜਪਾ ਨੂੰ ਹਰਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ।’ ਵਾਸ਼ਿੰਗਟਨ ਡੀਸੀ ਨੇੜਲੇ ਇਲਾਕਿਆਂ ਤੋਂ ਇਕੱਠੇ ਹੋਏ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ‘ਅਸੀਂ ਇਕੱਠੇ ਹੋਏ ਹਾਂ ਤੇ ਆਮ ਤੌਰ ’ਤੇ ਵਿਅਕਤੀਗਤ ਪੱਧਰ ਉਤੇ ਲੜਦੇ ਹਾਂ, ਪਰ ਇਹ ਲੜਾਈ ਭਾਰਤ ਲਈ ਇਕ ਵੱਖਰਾ ਦ੍ਰਿਸ਼ਟੀਕੋਣ ਸਾਹਮਣੇ ਰੱਖ ਕੇ ਲੜੀ ਜਾ ਰਹੀ ਹੈ, ਤੇ ਹੁਣ ਅਸੀਂ ਇਸੇ ਉਤੇ ਕੰਮ ਕਰ ਰਹੇ ਹਾਂ। ਸਾਰੀਆਂ ਵਿਰੋਧੀ ਧਿਰਾਂ ਵਿਚਾਲੇ ਤਾਲਮੇਲ ਹੋ ਰਿਹਾ ਹੈ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਭ ਅਸਰਦਾਰ ਢੰਗ ਨਾਲ ਅੱਗੇ ਵਧ ਰਿਹਾ ਹੈ।’ ਰਾਹੁਲ ਨੇ ਦੋਸ਼ ਲਾਇਆ ਕਿ ਭਾਜਪਾ ਨੇ ਸੰਸਥਾਵਾਂ ਉਤੇ ਕਬਜ਼ਾ ਕਰ ਲਿਆ ਹੈ, ਉਨ੍ਹਾਂ ਕੋਲ ਮੀਡੀਆ ਹੈ ਤੇ ਉਹ ਸੰਸਥਾਵਾਂ ਉਤੇ ਦਬਾਅ ਬਣਾਉਂਦੇ ਹਨ, ਲੋਕਾਂ ਨੂੰ ਡਰਾਉਂਦੇ ਹਨ। ਅਮਰੀਕਾ ਦੌਰੇ ਦੌਰਾਨ ਰਾਹੁਲ ਗਾਂਧੀ ਦੇ ਨਾਲ ਮੌਜੂਦ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੌਦਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਾਮੀ ਅਮਰੀਕਾ ਦੌਰੇ ਦੇ ਸੰਦਰਭ ਵਿਚ ਕਿਹਾ ਕਿ ਉਹ ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਮੁਲਕ ਦੀ ਨੁਮਾਇੰਦਗੀ ਕਰਦੇ ਹਨ, ਇਸ ਲਈ ਉਹ ਹਰ ਜਗ੍ਹਾ ਸਤਿਕਾਰ ਦੇ ਹੱਕਦਾਰ ਹਨ। ਪਿਤਰੌਦਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਤਿਕਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਮਿਲ ਰਿਹਾ ਹੈ ਨਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਵਜੋਂ। ਇਹ ਦੋਵੇਂ ਵੱਖ-ਵੱਖ ਚੀਜ਼ਾਂ ਹਨ।