* ਕਾਂਗਰਸ ਅਤੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਸੰਸਦ ਦੇ ਦਰਵਾਜ਼ੇ ’ਤੇ ਕੀਤਾ ਨਿੱਘਾ ਸਵਾਗਤ
* ਆਗੂਆਂ ਨੇ ਮਠਿਆਈਆਂ ਵੰਡੀਆਂ ਅਤੇ ਨਾਅਰੇਬਾਜ਼ੀ ਕੀਤੀ
ਨਵੀਂ ਦਿੱਲੀ, 8 ਅਗਸਤ
ਸੁਪਰੀਮ ਕੋਰਟ ਵੱਲੋਂ ਮਾਣਹਾਨੀ ਕੇਸ ’ਚ ਸਜ਼ਾ ’ਤੇ ਰੋਕ ਲਾਏ ਜਾਣ ਦੇ ਕਰੀਬ ਚਾਰ ਮਹੀਨੇ ਅਯੋਗ ਰਹਿਣ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅੱਜ ਲੋਕ ਸਭਾ ਮੈਂਬਰੀ ਬਹਾਲ ਹੋ ਗਈ ਹੈ। ਮੋਦੀ ਸਰਕਾਰ ਖ਼ਿਲਾਫ਼ ਭਲਕੇ ਲੋਕ ਸਭਾ ’ਚ ਬੇਭਰੋਸਗੀ ਦਾ ਮਤਾ ਪੇਸ਼ ਕੀਤੇ ਜਾਣ ਤੋਂ ਪਹਿਲਾਂ ਰਾਹੁਲ ਦੀ ਸੰਸਦ ’ਚ ਵਾਪਸੀ ਨਾਲ ਵਿਰੋਧੀ ਧਿਰ ’ਚ ਨਵਾਂ ਜੋਸ਼ ਭਰ ਗਿਆ ਹੈ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਵੱਲੋਂ ਉਹ ਸਦਨ ’ਚ ਮਤੇ ਦੇ ਪੱਖ ’ਚ ਬੋਲ ਕੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ’ਚ ਸੁਨੇਹਾ ਦੇਣਾ ਚਾਹੁਣਗੇ। ਰਾਹੁਲ ਗਾਂਧੀ ਦੀ ਸੰਸਦ ਮੈਂਬਰ ਵਜੋਂ ਬਹਾਲੀ ਦਾ ਐਲਾਨ ਕਰਦਿਆਂ ਲੋਕ ਸਭਾ ਦੇ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਸ਼ੁੱਕਰਵਾਰ ਨੂੰ ਸੁਣਾਏ ਗਏ ਫ਼ੈਸਲੇ ਨੂੰ ਦੇਖਦਿਆਂ ਕਾਂਗਰਸ ਆਗੂ ਦੀ ਮੈਂਬਰੀ ਬਹਾਲ ਕੀਤੀ ਜਾਂਦੀ ਹੈ। ਜਿਵੇਂ ਹੀ ਲੋਕ ਸਭਾ ਸਕੱਤਰੇਤ ਨੇ ਪੱਤਰ ਜਾਰੀ ਕੀਤਾ ਤਾਂ ਰਾਹੁਲ ਗਾਂਧੀ ਸੰਸਦ ਭਵਨ ਪਹੁੰਚ ਗਏ ਜਿਥੇ ਉਨ੍ਹਾਂ ਸਦਨ ’ਚ ਦਾਖ਼ਲ ਹੋਣ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਂਜ ਲੋਕ ਸਭਾ ਦੀ ਕਾਰਵਾਈ ਕੁਝ ਹੀ ਮਿੰਟਾਂ ’ਚ ਮੁਲਤਵੀ ਕਰ ਦਿੱਤੀ ਗਈ ਸੀ। ਸੰਸਦ ਕੰਪਲੈਕਸ ’ਚ ਰਾਹੁਲ ਨੂੰ ਆਪਣੀ ਮਾਂ ਅਤੇ ਲੋਕ ਸਭਾ ਮੈਂਬਰ ਸੋਨੀਆ ਗਾਂਧੀ ਨਾਲ ਇਕੱਠਿਆਂ ਦੇਖਿਆ ਗਿਆ। ਰਾਹੁਲ ਗਾਂਧੀ ਜਿਵੇਂ ਹੀ ਸੰਸਦ ਪੁੱਜੇ ਤਾਂ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸੰਸਦ ਦੇ ਮੁੱਖ ਦਰਵਾਜ਼ੇ ਅਤੇ ਪਹਿਲੀ ਮੰਜ਼ਿਲ ’ਤੇ ਤਿਉਹਾਰ ਵਾਲਾ ਮਾਹੌਲ ਬਣ ਗਿਆ ਸੀ ਅਤੇ ਮਠਿਆਈਆਂ ਵੰਡਦਿਆਂ ਆਗੂਆਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ਪੱਖ ’ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰਾਹੁਲ ਨੇ ਸੰਸਦ ਦੇ ਕੇਂਦਰੀ ਹਾਲ ’ਚ ਐੱਨਸੀਪੀ ਮੁਖੀ ਸ਼ਰਦ ਪਵਾਰ ਅਤੇ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸੰਸਦ ’ਚ ਡੀਐੱਮਕੇ ਦੇ ਪਾਰਟੀ ਦਫ਼ਤਰ ’ਚ ਤਾਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ ਕਰੁਣਾਨਿਧੀ ਦੀ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਅਦ ’ਚ ਉਨ੍ਹਾਂ ਪਾਰਟੀ ਦਫ਼ਤਰ ’ਤੇ ਹਰਿਆਣਾ ਦੇ ਆਗੂਆਂ ਨਾਲ ਚੋਣਾਂ ਦੀਆਂ ਤਿਆਰੀਆਂ ਬਾਰੇ ਮੀਟਿੰਗ ਕੀਤੀ। ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਕਿੰਨੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਵੀ ਖੁਸ਼ ਨਜ਼ਰ ਆ ਰਹੇ ਹੋ।’’ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਰਾਹੁਲ ਗਾਂਧੀ ਦੀ ਸੰਸਦ ਮੈਂਬਰ ਵਜੋਂ ਬਹਾਲੀ ਦਾ ਸਵਾਗਤ ਕੀਤਾ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨਾਲ ਜੁੜੀਆਂ ਕਈ ਪਾਰਟੀਆਂ ਦੇ ਆਗੂਆਂ ਨੇ ਵੀ ਰਾਹੁਲ ਗਾਂਧੀ ਦੇ ਮੁੜ ਸਦਨ ’ਚ ਪੁੱਜਣ ਦਾ ਸਵਾਗਤ ਕੀਤਾ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਆਸ ਜਤਾਈ ਕਿ ਹੁਣ ਪਾਰਟੀ ਆਗੂ ਮੁਹੰਮਦ ਆਜ਼ਮ ਖ਼ਾਨ ਅਤੇ ਉਸ ਦੇ ਪੁੱਤਰ ਅਬਦੁੱਲਾ ਆਜ਼ਮ ਦੀ ਯੂਪੀ ਵਿਧਾਨ ਸਭਾ ’ਚ ਮੈਂਬਰਸ਼ਿਪ ਵੀ ਬਹਾਲ ਹੋ ਜਾਵੇਗੀ। ਨੈਸ਼ਨਲ ਕਾਨਫਰੰਸ ਮੁਖੀ ਫਾਰੂਕ ਅਬਦੁੱਲਾ ਨੇ ਕਿਹਾ,‘‘ਸਾਨੂੰ ਆਸ ਹੈ ਕਿ ਰਾਹੁਲ ਗਾਂਧੀ ਭਾਰਤ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੇ ਅਤੇ ਉਹ ਦੇਸ਼ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਉਣਗੇ।’’ ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਰਾਹੁਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਸੰਸਦ ’ਚ ਲੋਕ ਮੁੱਦਿਆਂ ’ਤੇ ਸ਼ੇਰ ਵਾਂਗ ਗਰਜਦਿਆਂ ਦੇਖਣ ਲਈ ਬੇਤਾਬ ਹਨ। ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਮਗਰੋਂ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਦਾ ਬਾਇਓ ਬਦਲ ਕੇ ‘ਮੈਂਬਰ ਆਫ਼ ਪਾਰਲੀਮੈਂਟ’ ਕਰ ਲਿਆ ਹੈ। ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਬਹਾਲ ਹੋਣ ’ਤੇ ਭਾਜਪਾ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਉਸ ਨੂੰ ਅਜੇ ਦੋਸ਼-ਮੁਕਤ ਨਹੀਂ ਕੀਤਾ ਗਿਆ ਹੈ ਅਤੇ ਉਸ ਦੀ ਸਜ਼ਾ ’ਤੇ ਸਿਰਫ਼ ਰੋਕ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਕੇਸ ਅਜੇ ਵੀ ਗੁਜਰਾਤ ਦੀ ਅਦਾਲਤ ’ਚ ਬਕਾਇਆ ਪਿਆ ਹੈ ਅਤੇ ਸਾਨੂੰ ਫ਼ੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪਹਿਲਾਂ ਵੀ ਸੰਸਦ ’ਚ ਸੀ ਪਰ ਉਸ ਦੇ ਹੋਣ ਨਾਲ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ ਹੈ ਕਿਉਂਕਿ ਪਾਰਟੀ ਨੂੰ ਚੋਣਾਂ ’ਚ ਅਜੇ ਵੀ ਹਾਰ ਦਾ ਸਹਾਮਣਾ ਕਰਨਾ ਪੈ ਰਿਹਾ ਹੈ।