ਲੰਡਨ, 25 ਫਰਵਰੀ
ਭਾਰਤ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਅਤੇ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਜਨਵਰੀ 2022 ਵਿੱਚ ਚੰਡੀਗੜ੍ਹ ਵਿੱਚ ਕਰੇਗਾ। ਇਸ ਚੈਂਪੀਅਨਸ਼ਿਪ ਦੇ ਤਗ਼ਮਿਆਂ ਨੂੰ ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ-2022 ਵਿੱਚ ‘ਹਿੱਸਾ ਲੈਣ ਵਾਲੇ ਦੇਸ਼ਾਂ ਦੀ ਦਰਜਾਬੰਦੀ’ ਵਿੱਚ ਸ਼ਾਮਲ ਕੀਤਾ ਜਾਵੇਗਾ। ਰਾਸ਼ਟਰਮੰਡਲ ਖੇਡ ਫੈਡਰੇਸ਼ਨ (ਸੀਜੀਐੱਫ) ਨੇ ਕਿਹਾ ਕਿ ਬਰਮਿੰਘਮ-2022 ਖੇਡਾਂ ਦੇ ਸਮਾਪਤੀ ਸਮਾਰੋਹ ਦੇ ਇੱਕ ਹਫ਼ਤੇ ਮਗਰੋਂ ਸੀਜੀਐੱਫ ਤਗ਼ਮਿਆਂ ਦੀ ਸੂਚੀ ਜਾਰੀ ਹੋਵੇਗੀ, ਜਿਸ ਵਿੱਚ ਚੰਡੀਗੜ੍ਹ 2022 ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਅਤੇ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ਦੇ ਤਗ਼ਮੇ ਵੀ ਸ਼ਾਮਲ ਹੋਣਗੇ।
ਸੀਜੀਐੱਫ ਨੇ ਇੱਥੇ 21 ਤੋਂ 23 ਫਰਵਰੀ ਤੱਕ ਚੱਲੀ ਕਾਰਜਕਾਰੀ ਬੋਰਡ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ। ਇਸ ਫ਼ੈਸਲੇ ਨੂੰ ਭਾਰਤ ਦੀ ਵੱਡੀ ਜਿੱਤ ਵਜੋਂ ਵੇਖਿਆ ਜਾ ਰਿਹਾ, ਜਿਸ ਨੇ ਨਿਸ਼ਾਨੇਬਾਜ਼ੀ ਨੂੰ ਹਟਾਉਣ ਮਗਰੋਂ 2022 ਬਰਮਿੰਘਮ ਖੇਡਾਂ ਦੇ ਬਾਈਕਾਟ ਦੀ ਚਿਤਾਵਨੀ ਦਿੱਤੀ ਸੀ। ਸੀਜੀਐੱਫ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਭਾਰਤ ਵਿੱਚ ਰਾਸ਼ਟਰਮੰਡਲ ਤੀਰ-ਅੰਦਾਜ਼ੀ ਅਤੇ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਸਾਲ 2022 ਵਿੱਚ ਕਰਵਾਈ ਜਾਵੇਗੀ। ਇਸ ਨਾਲ ਜੁੜੇ ਮਾਮਲਿਆਂ ਨੂੰ ਸੀਜੀਐੱਫ ਕਾਰਜਕਾਰੀ ਬੋਰਡ ਨੇ ਮਨਜ਼ੂਰੀ ਦਿੱਤੀ ਹੈ।” ਇਨ੍ਹਾਂ ਦੋਵਾਂ ਖੇਡਾਂ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਜਨਵਰੀ 2022 ਵਿੱਚ ਹੋਣਗੇ ਜਦੋਂਕਿ ਰਾਸ਼ਟਰਮੰਡਲ ਖੇਡਾਂ 27 ਜੁਲਾਈ ਤੋਂ 7 ਅਗਸਤ 2022 ਤੱਕ ਹੋਣਗੀਆਂ। ਬਿਆਨ ਅਨੁਸਾਰ, ‘‘ਇਸ ਫ਼ੈਸਲੇ ਤੋਂ ਇਹ ਸਪੱਸ਼ਟ ਹੋ ਗਿਆ ਕਿ ਚੰਡੀਗੜ੍ਹ 2022 ਅਤੇ ਬਰਮਿੰਘਮ 2022 ਵੱਖ-ਵੱਖ ਰਾਸ਼ਟਰਮੰਡਲ ਖੇਡ ਟੂਰਨਾਮੈਂਟ ਹੋਣਗੇ।’’ ਇਸ ਤੋਂ ਪਹਿਲਾਂ ਜੁਲਾਈ 2019 ਵਿੱਚ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਬਾਈਕਾਟ ਦੀ ਧਮਕੀ ਦਿੱਤੀ ਸੀ। ਸੀਜੀਐੱਫ ਪ੍ਰਧਾਨ ਲੂਈ ਮਾਰਟਿਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਗ੍ਰੇਬਵਮਬਰਗ ਦੇ ਨਵੰਬਰ ਵਿੱਚ ਭਾਰਤ ਦੌਰੇ ਬਾਅਦ ਆਈਓਏ ਨੇ ਦਸੰਬਰ ਵਿੱਚ ਸਾਲਾਨਾ ਆਮ ਮੀਟਿੰਗ ਮਗਰੋਂ ਇਸ ਬਾਈਕਾਟ ਨੂੰ ਵਾਪਸ ਲੈ ਲਿਆ ਸੀ। ਆਈਓਏ ਨੇ ਇਸ ਮਗਰੋਂ ਨਿਸ਼ਾਨੇਬਾਜ਼ੀ ਨਾਲ ਤੀਰ-ਅੰਦਾਜ਼ੀ ਦੀ ਮੇਜ਼ਬਾਨੀ ਦਾ ਮਤਾ ਇਸ ਸ਼ਰਤ ਨਾਲ ਰੱਖਿਆ ਸੀ ਕਿ ਇਸ ਦੇ ਤਗ਼ਮਿਆਂ ਨੂੰ 2022 ਰਾਸ਼ਟਰਮੰਡਲ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਭਾਰਤ ਸਰਕਾਰ ਨੇ ਵੀ ਤੁਰੰਤ ਦੋਵੇਂ ਟੂਰਨਾਮੈਂਟਾਂ ਦੀ ਮੇਜ਼ਬਾਨੀ ਲਈ ਮਨਜ਼ੂਰੀ ਦੇ ਦਿੱਤੀ ਸੀ। ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਖ਼ਰਚ ਦਾ ਵੱਡਾ ਹਿੱਸਾ ਭਾਰਤੀ ਕੌਮੀ ਰਾਈਫਲ ਐਸੋਸੀਏਸ਼ਨ (ਐੱਨਆਰਏਆਈ) ਨੇ ਸਹਿਣਾ ਹੈ, ਜਦੋਂਕਿ ਤੀਰਅੰਦਾਜ਼ੀ ਮੁਕਾਬਲੇ ਲਈ ਪੂਰੀ ਰਕਮ ਭਾਰਤ ਸਰਕਾਰ ਦੇਵੇਗੀ।