ਨਵੀਂ ਦਿੱਲੀ, 31 ਜਨਵਰੀ
ਭਾਰਤੀ ਮਹਿਲਾ ਟੀਮ ਦੀ ਕਪਤਾਨ ਰਾਣੀ ਰਾਮਪਾਲ ਅੱਜ ਵਿਸ਼ਵ ਦੀ ਪਹਿਲੀ ਹਾਕੀ ਖਿਡਾਰਨ ਬਣ ਗਈ ਹੈ, ਜਿਸ ਨੇ ਪ੍ਰਸਿੱਧ ‘ਵਰਲਡ ਗੇਮਜ਼ ਅਥਲੀਟ ਆਫ ਦਿ ਈਅਰ’ ਪੁਰਸਕਾਰ ਜਿੱਤਿਆ ਹੈ। ‘ਦਿ ਵਰਲਡ ਗੇਮਜ਼’ ਨੇ ਵਿਸ਼ਵ ਭਰ ਦੇ ਖੇਡ ਪ੍ਰੇਮੀਆਂ ਵੱਲੋਂ 20 ਦਿਨ ਦੀਆਂ ਵੋਟਾਂ ਮਗਰੋਂ ਅੱਜ ਜੇਤੂਆਂ ਦਾ ਐਲਾਨ ਕੀਤਾ ਹੈ। ਉਸ ਨੇ ਬਿਆਨ ਵਿੱਚ ਕਿਹਾ, ‘‘ਭਾਰਤੀ ਹਾਕੀ ਦੀ ਸੁਪਰਸਟਾਰ ਰਾਣੀ ‘ਵਰਲਡ ਗੇਮਜ਼ ਅਥਲੀਟ ਆਫ ਦਿ ਈਅਰ 2019’ ਹੈ।’’
ਇਸ ਵਿੱਚ ਕਿਹਾ ਗਿਆ ਹੈ, ‘‘ਰਾਣੀ 1,99,477 (ਦੋ ਲੱਖ ਦੇ ਕਰੀਬ) ਵੋਟਾਂ ਦੀ ਪ੍ਰਭਾਵਸ਼ਾਲੀ ਗਿਣਤੀ ਨਾਲ ਸਾਲ ਦੀ ਖਿਡਾਰੀ ਬਣਨ ਦੀ ਦੌੜ ਵਿੱਚ ਸਪਸ਼ਟ ਜੇਤੂ ਵਜੋਂ ਉਭਰੀ। ਇਸ ਵਿੱਚ ਜਨਵਰੀ ਵਿੱਚ 20 ਦਿਨਾਂ ਵਿੱਚ ਵਿਸ਼ਵ ਭਰ ਦੇ ਖੇਡ ਪ੍ਰੇਮੀਆਂ ਨੇ ਆਪਣੇ ਪਸੰਦੀਦਾ ਖਿਡਾਰੀਆਂ ਲਈ ਵੋਟਾਂ ਪਾਈਆਂ। ਇਸ ਦੌਰਾਨ ਕੁੱਲ 7,05,610 ਵੋਟਾਂ ਪਈਆਂ।’’
ਬੀਤੇ ਸਾਲ ਭਾਰਤ ਨੇ ਐੱਫਆਈਐੱਚ ਸੀਰੀਜ਼ ਫਾਈਨਲਜ਼ ਜਿੱਤਿਆ ਸੀ ਅਤੇ ਰਾਣੀ ਨੂੰ ਟੂਰਨਾਮੈਂਟ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ ਸੀ। ਰਾਣੀ ਦੀ ਅਗਵਾਈ ਵਿੱਚ ਹੀ ਭਾਰਤ ਨੇ ਤੀਜੀ ਵਾਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ। ਹਾਲ ਹੀ ਵਿੱਚ ਪਦਮਸ੍ਰੀ ਪੁਰਸਕਾਰ ਲਈ ਚੁਣੀ ਗਈ ਰਾਣੀ ਨੇ ਕਿਹਾ, ‘‘ਮੈਂ ਇਹ ਪੁਰਸਕਾਰ ਪੂਰੇ ਹਾਕੀ ਜਗਤ, ਮੇਰੀ ਟੀਮ ਅਤੇ ਮੇਰੇ ਦੇਸ਼ ਨੂੰ ਸਮਰਪਿਤ ਕਰਦੀ ਹਾਂ। ਇਹ ਸਫਲਤਾ ਹਾਕੀ ਪ੍ਰੇਮੀਆਂ, ਪ੍ਰਸ਼ੰਸਕਾਂ, ਮੇਰੀ ਟੀਮ, ਕੋਚਾਂ, ਹਾਕੀ ਇੰਡੀਆ, ਮੇਰੀ ਸਰਕਾਰ, ਬਾਲੀਵੁੱਡ ਮਿੱਤਰਾਂ, ਸਾਥੀ ਖਿਡਾਰੀਆਂ ਅਤੇ ਦੇਸ਼ਵਾਸੀਆਂ ਦੇ ਪਿਆਰ ਤੇ ਸਮਰਥਨ ਨਾਲ ਹੀ ਸੰਭਵ ਹੋ ਸਕੀ, ਜਿਨ੍ਹਾਂ ਨੇ ਮੇਰੇ ਲਈ ਲਗਾਤਾਰ ਵੋਟਾਂ ਦਿੱਤੀਆਂ।’’
ਉਸ ਨੇ ਕਿਹਾ, ‘‘ਐੱਫਆਈਐੱਚ ਦਾ ਮੈਨੂੰ ਇਸ ਪੁਰਸਕਾਰ ਲਈ ਨਾਮਜ਼ਦ ਕਰਨ ਲਈ ਵਿਸ਼ੇਸ਼ ਸ਼ੁਕਰੀਆ। ਵਰਲਡ ਗੇਮਜ਼ ਫੈਡੇਰੇਸ਼ਨ ਦਾ ਇਸ ਸਨਮਾਨ ਲਈ ਧੰਨਵਾਦ।’’ ਇਸ ਪੁਰਸਕਾਰ ਲਈ ਵੱਖ-ਵੱਖ ਖੇਡਾਂ ਦੇ 25 ਖਿਡਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਐੱਫਆਈਐੱਚ ਨੇ ਰਾਣੀ ਦੇ ਨਾਮ ਦੀ ਸਿਫ਼ਾਰਿਸ਼ ਕੀਤੀ ਸੀ। ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਨੇ ਟਵੀਟ ਕਰਕੇ ਰਾਣੀ ਨੂੰ ਵਧਾਈ ਦਿੱਤੀ। ਪੁਰਸਕਾਰ ਦੀ ਇਸ ਦੌੜ ਵਿੱਚ ਯੂਕਰੇਨ ਦੇ ਕਰਾਟੇ ਖਿਡਾਰੀ ਸਟੇਨਿਸਲਾਵ ਹੋਰੂਨਾ ਦੂਜੇ ਸਥਾਨ, ਜਦਕਿ ਕੈਨੇਡਾ ਦੀ ਪਾਵਰਲਿਫਟਿੰਗ ਵਿਸ਼ਵ ਚੈਂਪੀਅਨ ਰਹੀਆ ਸਟਿਨ ਤੀਜੇ ਸਥਾਨ ’ਤੇ ਰਹੀ।