ਨਵੀਂ ਦਿੱਲੀ, 31 ਮਾਰਚ
ਅੱਜ ਰਾਜ ਸਭਾ ‘ਚ 72 ਮੈਂਬਰਾਂ ਨੂੰ ਵਿਦਾਇਗੀ ਦਿੱਤੀ ਗਈ। ਉਪਰਲੇ ਸਦਨ ਵਿੱਚ 19 ਰਾਜਾਂ ਦੀ ਨੁਮਾਇੰਦਗੀ ਕਰਨ ਵਾਲੇ ਇਨ੍ਹਾਂ ਮੈਂਬਰਾਂ ਦਾ ਕਾਰਜਕਾਲ ਮਾਰਚ ਤੋਂ ਜੁਲਾਈ ਦਰਮਿਆਨ ਪੂਰਾ ਹੋ ਰਿਹਾ ਹੈ। ਸੇਵਾਮੁਕਤ ਹੋਣ ਵਾਲੇ ਮੈਂਬਰਾਂ ਵਿੱਚ ਕਾਂਗਰਸ ਦੇ ਏਕੇ ਐਂਟਨੀ, ਆਨੰਦ ਸ਼ਰਮਾ, ਅੰਬਿਕਾ ਸੋਨੀ, ਕਪਿਲ ਸਿੱਬਲ, ਭਾਰਤੀ ਜਨਤਾ ਪਾਰਟੀ ਦੇ ਸੁਰੇਸ਼ ਪ੍ਰਭੂ, ਸੁਬਰਾਮਣੀਅਨ ਸਵਾਮੀ, ਬਹੁਜਨ ਸਮਾਜ ਪਾਰਟੀ ਦੇ ਸਤੀਸ਼ ਚੰਦਰ ਮਿਸ਼ਰਾ, ਸ਼ਿਵ ਸੈਨਾ ਦੇ ਸੰਜੇ ਰਾਉਤ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਫੁੱਲ ਪਟੇਲ ਸ਼ਾਮਲ ਹਨ। ਸੇਵਾਮੁਕਤ ਹੋਣ ਵਾਲੇ ਮੈਂਬਰਾਂ ਵਿੱਚ ਨਿਰਮਲਾ ਸੀਤਾਰਾਮਨ, ਪੀਯੂਸ਼ ਗੋਇਲ, ਮੁਖਤਾਰ ਅੱਬਾਸ ਨਕਵੀ ਅਤੇ ਆਰਸੀਪੀ ਸਿੰਘ ਵਰਗੇ ਮੰਤਰੀ ਸ਼ਾਮਲ ਹਨ। ਨਾਮਜ਼ਦ ਮੈਂਬਰਾਂ ਐੱਮਸੀ ਮੈਰੀਕਾਮ, ਸਵਪਨ ਦਾਸਗੁਪਤਾ ਅਤੇ ਨਰਿੰਦਰ ਜਾਧਵ ਦਾ ਕਾਰਜਕਾਲ ਵੀ ਖਤਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਮੈਂਬਰਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।