ਪਟਿਆਲਾ, 30 ਜੂਨ
ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ਦੇ ‘ਬੇਰੁਜ਼ਗਾਰ ਸਾਂਝਾ ਮੋਰਚਾ’ ਦੇ ਕਾਰਕੁਨਾਂ ਦੀ ਪੁਲੀਸ ਨੇ ਇਥੇ ਵਾਈਪੀਐੱਸ ਚੌਕ ’ਚ ਖਿੱਚਧੂਹ ਕਰਨ ਬਾਅਦ ਲਾਠੀਚਾਰਜ ਕੀਤਾ। ਇਹ ਬੇਰੁਜ਼ਗਾਰ ਕਾਰਕੁਨ ਪਹਿਲਾਂ ਇਥੇ ਬਾਰਾਂਦਰੀ ’ਚ ਇਕੱਤਰ ਹੋਏ ਤੇ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਊ ਮੋਤੀ ਬਾਗ ਪੈਲੇਸ ਦੇ ਘਿਰਾਓ ਲਈ ਜਿਉਂ ਹੀ ਵਾਈਪੀਐੱਸ ਚੌਕ ’ਚ ਪੁੱਜੇ ਤਾਂ ਪੁਲੀਸ ਨੇ ਸੰਘਰਸ਼ੀ ਕਾਰਕੁਨਾਂ ’ਤੇ ਸਖ਼ਤੀ ਕਰ ਦਿੱਤੀ। ਕਾਰਕੁਨ ਮਹਿਲ ਵੱਲ ਹੋਰ ਅੱਗੇ ਵਧਣ ਦੀ ਜ਼ਿੱਦ ’ਤੇ ਸਨ ਤੇ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ ਤੇ ਉਨ੍ਹਾਂ ਨੂੰ ਧੂਹ ਕੇ ਆਪਣੇ ਵਾਹਨਾਂ ’ਚ ਬਿਠਾਉਣਾ ਸ਼ੁਰੂ ਕਰ ਦਿੱਤਾ। ਇਸ ਕਸ਼ਮਕਸ਼ ਦੌਰਾਨ ਇੱਕ ਵਾਰ ਕਾਰਕੁਨਾਂ ਨੇ ਪੁਲੀਸ ਵਾਹਨਾਂ ਨੂੰ ਵੀ ਘੇਰ ਲਿਆ। ਉਧਰ ਪ੍ਰਦਰਸ਼ਨਕਾਰੀ ਕਾਰਕੁਨਾਂ ਦਾ ਇਕ ਗਰੁੱਪ ਮੋਤੀ ਬਾਗ ਨੂੰ ਪਿਛਲੇ ਪਾਸਿਓਂ ਘੇਰਨ ਲਈ ਪੁੱਜਿਆ ਤਾਂ ਪੁਲੀਸ ਨੇ ਕਈ ਦਰਜਨ ਪ੍ਰਦਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਕੇ ਵੱਖ ਵੱਖ ਥਾਣਿਆਂ ’ਚ ਬੰਦ ਕਰ ਦਿੱਤਾ ਹੈ। ਉਧਰ ਬੇਰੁਜਗਾਰ ਸਾਂਝੇ ਮੋਰਚੇ ਦੇ ਇਸ ਸੰਘਰਸ਼ ’ਚ ਆਪ ਦੀ ਮਹਿਲਾ ਵਿਧਾਇਕਾ ਬੀਬੀ ਬਲਜਿੰਦਰ ਕੌਰ ਵੀ ਹਮਾਇਤ ਵਜੋਂ ਪੁੱਜੇ ਹੋਏ ਸਨ।