ਦੁਬਈ, 14 ਜੂਨ
ਭਾਰਤੀ ਟੈਸਟ ਟੀਮ ’ਚ ਵਾਪਸੀ ਕਰਨ ਵਾਲੇ ਅਜਿੰਕਿਆ ਰਹਾਣੇ ਅੱਜ ਜਾਰੀ ਕੀਤੀ ਗਈ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਨਵੀਂ ਰੈਂਕਿੰਗ ’ਚ ਬੱਲੇਬਾਜ਼ਾਂ ਦੀ ਸੂਚੀ ਵਿੱਚ 37ਵੇਂ ਜਦਕਿ ਸ਼ਰਦੁਲ ਠਾਕੁਰ 94ਵੇਂ ਸਥਾਨ ’ਤੇ ਪਹੁੰਚ ਗਏ ਹਨ। ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਲਈ ਟੀਮ ’ਚ ਥਾਂ ਨਾ ਮਿਲਣ ਦੇ ਬਾਵਜੂਦ ਆਰ ਅਸ਼ਵਿਨ ਟੈਸਟ ਗੇਂਦਬਾਜ਼ਾਂ ਦੀ ਸੂਚੀ ’ਚ ਸਿਖਰ ’ਤੇ ਚੱਲ ਰਿਹਾ ਹੈ। ਇਸ ਸੂਚੀ ਵਿੱਚ ਆਸਟਰੇਲੀਆ ਦੇ ਤਿੰਨ ਬੱਲੇਬਾਜ਼ ਰੈਂਕਿੰਗ ’ਚ ਸਿਖਰਲੀਆਂ ਤਿੰਨ ਥਾਵਾਂ ’ਤੇ ਕਾਬਜ਼ ਹੋ ਗਏ ਹਨ। ਮਾਰਨਸ ਲਾਬੂਸ਼ੇਨ ਇਸ ਸੂਚੀ ਵਿੱਚ ਸਿਖਰ ’ਤੇ ਹੈ ਜਦਕਿ ਦਿ ਓਵਲ ’ਚ ਭਾਰਤ ਖ਼ਿਲਾਫ਼ ਡਬਲਯੂਟੀਸੀ ਫਾਈਨਲ ’ਚ ਜਿੱਤ ਦੌਰਾਨ ਸੈਂਕੜਾ ਜੜਨ ਵਾਲਾ ਸਟੀਵ ਸਮਿੱਥ ਤੇ ਟਰੈਵਿਸ ਹੈੱਡ ਅਗਲੀਆਂ ਦੋ ਥਾਵਾਂ ’ਤੇ ਹਨ। ਡਬਲਯੂਟੀਸੀ ਫਾਈਨਲ ’ਚ ਭਾਰਤ ਨੂੰ 209 ਦੌੜਾਂ ਨਾਲ ਹਾਰ ਮਿਲਣ ਦੇ ਬਾਵਜੂਦ ਰਹਾਣੇ 89 ਤੇ 46 ਦੌੜਾਂ ਦੀਆਂ ਪਾਰੀਆਂ ਦੀ ਮਦਦ ਨਾਲ 37ਵੇਂ ਸਥਾਨ ’ਤੇ ਵਾਪਸੀ ਕਰਨ ’ਚ ਕਾਮਯਾਬ ਰਿਹਾ ਹੈ। ਪਹਿਲੀ ਪਾਰੀ ’ਚ ਨੀਮ ਸੈਂਕੜਾ ਜੜਨ ਵਾਲੇ ਸ਼ਰਦੁਲ ਨੂੰ ਛੇ ਥਾਵਾਂ ਦਾ ਫਾਇਦਾ ਹੋਇਆ ਹੈ। ਕਾਰ ਹਾਦਸੇ ’ਚ ਜ਼ਖ਼ਮੀ ਹੋਣ ਮਗਰੋਂ ਉਭਰ ਰਿਹਾ ਵਿਕਟਕੀਪਰ/ਬੱਲੇਬਾਜ਼ ਰਿਸ਼ਭ ਪੰਤ 10ਵੇਂ ਸਥਾਨ ਨਾਲ ਭਾਰਤੀ ਬੱਲੇਬਾਜ਼ਾਂ ’ਚੋਂ ਸਿਖਰ ’ਤੇ ਹੈ। ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਕ੍ਰਮਵਾਰ 12ਵੇਂ ਤੇ 13ਵੇਂ ਸਥਾਨ ’ਤੇ ਬਣੇ ਹੋਏ ਹਨ।

ਦੁਜੇ ਪਾਸੇ ਤਜਰਬੇਕਾਰ ਆਫ ਸਪਿੰਨਰ ਅਸ਼ਵਿਨ ਸਿਖਰਲੀ ਰੈਂਕਿੰਗ ਵਾਲਾ ਗੇਂਦਬਾਜ਼ ਬਣਿਆ ਹੋਇਆ ਹੈ। ਉਸ ਦਾ ਸਾਥੀ ਸਪਿੰਨਰ ਰਵਿੰਦਰ ਜਡੇਜਾ ਨੌਵੇਂ ਸਥਾਨ ’ਤੇ ਹੈ। ਪਿਛਲਾ ਟੈਸਟ ਮੈਚ ਜੁਲਾਈ 2022 ’ਚ ਖੇਡਣ ਵਾਲਾ ਜ਼ਖ਼ਮੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੋ ਸਥਾਨ ਦੇ ਨੁਕਸਾਨ ਨਾਲ ਅੱਠਵੇਂ ਸਥਾਨ ’ਤੇ ਹੈ। ਲਾਬੂਸ਼ੇਨ 903 ਰੇਟਿੰਗ ਅੰਕ ਨਾਲ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਿਖਰ ’ਤੇ ਹੈ ਜਦਕਿ ਸਟੀਵ ਸਮਿੱਥ ਦੂਜੇ ਤੇ ਟਰੈਵਿਸ ਹੈੱਡ ਤੀਜੇ ਸਥਾਨ ’ਤੇ ਹਨ।