ਪਟਿਆਲਾ 20 ਦਸੰਬਰ
ਇੱਥੇ ਚੱਲ ਰਹੇ ਰਣਜੀ ਟਰਾਫੀ ਦੇ ਦੂਸਰੇ ਗੇੜ ਦੇ ਮੈਚ ਦੇ ਤੀਸਰੇ ਦਿਨ ਅੱਜ ਪੰਜਾਬ ਦੀ ਟੀਮ ਨੇ ਹੈਦਰਾਬਾਦ ਖ਼ਿਲਾਫ਼ ਸ਼ਿਕੰਜਾ ਕੱਸ ਲਿਆ ਹੈ। ਇੱਥੇ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਦੌਰਾਨ ਹੈਦਰਾਬਾਦ ਨੇ ਆਪਣੀ ਪਹਿਲੀ ਪਾਰੀ ਵਿੱਚ 242 ਦੌੜਾਂ ਬਣਾਈਆਂ ਸਨ। ਉਸ ਦੇ ਜਵਾਬ ਵਿੱਚ ਪੰਜਾਬ ਦੀ ਟੀਮ ਨੇ ਅੱਜ ਆਪਣੀ ਦੂਸਰੀ ਪਾਰੀ ਵਿੱਚ ਚਾਰ ਵਿਕਟਾਂ ’ਤੇ 167 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਸ਼ਰਦ ਲੂੰਬਾ ਸਿਰਫ ਇੱਕ ਦੌੜ ਬਣਾ ਕੇ, 26 ਆਊਟ ਹੋ ਗਿਆ।
ਉਪਰੰਤ ਵਿਕਟ ਕੀਪਰ ਅਨਮੋਲ ਮਲਹੋਤਰਾ ਨੇ 80 ਦੌੜਾਂ ਬਣਾ ਕੇ ਕਪਤਾਨ ਮਨਦੀਪ ਸਿੰਘ ਦਾ ਵਧੀਆ ਸਾਥ ਦਿੱਤਾ। ਉਪਰੰਤ ਮਨਦੀਪ ਸਿੰਘ ਦਾ ਕਰਨ ਕੈਲਾ ਨੇ 54 ਦੌੜਾਂ ਦੀ ਜੇਤੂ ਪਾਰੀ ਖੇਡ ਕੇ ਪਾਰੀ ਐਲਾਨਣ ਤੱਕ ਸਾਥ ਦਿੱਤਾ। ਕਪਤਾਨ ਮਨਦੀਪ ਸਿੰਘ ਨੇ 22 ਚੌਕਿਆਂ ਤੇ ਤਿੰਨ ਛੱਕਿਆਂ ਦੀ ਬਦੌਲਤ 204 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਦੀ ਪਾਰੀ 108 ਓਵਰਾਂ ਬਾਅਦ ਛੇ ਵਿਕਟਾਂ ’ਤੇ 443 ਦੌੜਾਂ ਬਣਾ ਕੇ ਖ਼ਤਮ ਐਲਾਨ ਦਿੱਤੀ। ਅਜਿਹੇ ਵਿੱਚ ਪੰਜਾਬ ਦੀ ਟੀਮ ਨੇ 201 ਦੌੜਾਂ ਦੀ ਬੜ੍ਹਤ ਬਣਾਈ।
ਹੈਦਰਾਬਾਦ ਵੱਲੋਂ ਮਿਰਾਜ ਮੁਹੰਮਦ ਨੇ ਚਾਰ ਅਤੇ ਯੁਧਵੀਰ ਸਿੰਘ ਨੇ ਇਕ ਵਿਕਟ ਹਾਸਲ ਕੀਤੀ। ਉਪਰੰਤ ਹੈਦਰਾਬਾਦ ਦੀ ਟੀਮ ਨੇ ਆਪਣੀ ਦੂਸਰੀ ਪਾਰੀ ਦੌਰਾਨ ਤੀਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ 23 ਓਵਰਾਂ ’ਚ ਪੰਜ ਵਿਕਟਾਂ ਗੁਆ ਕੇ 30 ਦੌੜਾਂ ਬਣਾਈਆਂ। ਹੈਦਰਬਾਦ ਵੱਲੋਂ ਤਨਮਯ ਅਗਰਵਾਲ ਪੰਜ, ਅਕਸ਼ਰਥ ਰੈਡੀ ਚਾਰ, ਸ੍ਰੀਧਰ ਰੈਡੀ ਚਾਰ, ਬੀ ਸੰਦੀਪ ਇਕ ਤੇ ਸੁਮੰਥ ਕੋਲਾ ਦੋ ਦੌੜਾਂ ਬਣਾ ਕੇ ਆਊਟ ਹੋ ਗਿਆ। ਹਿਮਾਲਿਆ ਅਗਰਵਾਲ 14 ਅਤੇ ਸੀ.ਵੀ. ਮਿਲਿੰਦ ਇਕ ਦੌੜ ਬਣਾ ਕੇ ਖੇਡ ਰਹੇ ਹਨ। ਪੰਜਾਬ ਵੱਲੋਂ ਅਕੁਲ ਪ੍ਰਤਾਪ ਨੇ 13 ਦੌੜਾਂ ਦੇ ਕੇ ਦੋ, ਸੰਦੀਪ ਸ਼ਰਮਾ, ਮਯੰਕ ਮਾਰਕੰਡੇ ਤੇ ਸਨਵੀਰ ਹਾਰਾ ਨੇ ਇਕ-ਇਕ ਵਿਕਟ ਹਾਸਲ ਕੀਤੀ। ਇਸ ਤਰ੍ਹਾਂ ਪੰਜਾਬ ਨੇ ਹੈਦਰਾਬਾਦ ’ਤੇ ਸ਼ਿਕੰਜਾ ਕੱਸ ਲਿਆ।