ਨਵੀਂ ਦਿੱਲੀ, 23 ਜੂਨ
ਲੰਡਨ ਓਲੰਪਿਕ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਯੋਗੇਸ਼ਵਰ ਦੱਤ ਨੇ ਅੰਦੋਲਨਕਾਰੀ ਛੇ ਪਹਿਲਵਾਨਾਂ ਨੂੰ ਏਸ਼ਿਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲਾਂ ਲਈ ਛੋਟ ਦੇਣ ’ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਐਡਹਾਕ ਕਮੇਟੀ ’ਤੇ ਤਿੱਖਾ ਹਮਲਾ ਕੀਤਾ ਹੈ। ਯੋਗੇਸ਼ਵਰ ਨੇ ਸਵਾਲ ਕੀਤਾ ਹੈ ਕਿ ਕੀ ਇਹ ਪਹਿਲਵਾਨ ਅਜਿਹਾ ਲਾਭ ਲੈਣ ਲਈ ਹੀ ਪ੍ਰਦਰਸ਼ਨ ਕਰ ਰਹੇ ਸਨ।
ਕਮੇਟੀ ਨੇ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਉਸ ਦੀ ਪਤਨੀ ਸੰਗੀਤਾ ਫੋਗਾਟ, ਸਾਕਸ਼ੀ ਮਲਿਕ, ਉਸ ਦੇ ਪਤੀ ਸੱਤਿਆਵਰਤ ਕਾਦੀਆਨ ਅਤੇ ਜਿਤੇਂਦਰ ਕਿਨਹਾ ਨੂੰ ਕਿਹਾ ਹੈ ਕਿ ਭਾਰਤੀ ਟੀਮ ’ਚ ਸਥਾਨ ਬਣਾਉਣ ਲਈ ਉਨ੍ਹਾਂ ਨੂੰ ਆਪੋ ਆਪਣੇ ਭਾਰ ਵਰਗਾਂ ’ਚ ਟਰਾਇਲ ਦੇ ਜੇਤੂਆਂ ਨਾਲ ਇਕ ਕੁਸ਼ਤੀ ਲੜਨੀ ਪਵੇਗੀ। ਭਾਜਪਾ ਆਗੂ ਅਤੇ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਿਹਾ ਕਿ ਭੁਪੇਂਦਰ ਸਿੰਘ ਬਾਜਵਾ ਦੀ ਅਗਵਾਈ ਹੇਠਲੀ ਕਮੇਟੀ ਨੇ ਅਜਿਹਾ ਕਦਮ ਚੁੱਕ ਕੇ ਦੇਸ਼ ਦੇ ਜੂਨੀਅਰ ਪਹਿਲਵਾਨਾਂ ਨਾਲ ਬੇਇਨਸਾਫ਼ੀ ਕੀਤੀ ਹੈ। ਟਵਿੱਟਰ ’ਤੇ ਪੋਸਟ ਕੀਤੀ ਗਈ ਵੀਡੀਓ ’ਚ ਦੱਤ ਨੇ ਕਿਹਾ,‘‘ਐਡਹਾਕ ਕਮੇਟੀ ਨੇ ਟਰਾਇਲਾਂ ਬਾਰੇ ਫ਼ੈਸਲਾ ਲੈਣ ਸਮੇਂ ਕਿਹੜੇ ਮਾਪਦੰਡ ਅਪਣਾਏ ਹਨ, ਉਸ ਦੀ ਮੈਨੂੰ ਸਮਝ ਨਹੀਂ ਲੱਗ ਰਹੀ ਹੈ।’’ ਉਸ ਨੇ ਕਿਹਾ ਕਿ ਜੇਕਰ ਟਰਾਇਲਾਂ ’ਚ ਛੋਟ ਦੇਣੀ ਸੀ ਤਾਂ ਹੋਰ ਵੀ ਕਈ ਲਾਇਕ ਪਹਿਲਵਾਨ ਸਨ।
ਉਨ੍ਹਾਂ ਰਵੀ ਦਹੀਆ, ਦੀਪਕ ਪੂਨੀਆ, ਅੰਸ਼ੂ ਮਲਿਕ ਅਤੇ ਸੋਨਮ ਮਲਿਕ ਨੂੰ ਵੀ ਟਰਾਇਲਾਂ ’ਚ ਛੋਟ ਦੇਣ ਦੀ ਮੰਗ ਕੀਤੀ ਹੈ। ‘ਅੰਦੋਲਨਕਾਰੀ ਪਹਿਲਵਾਨ ਪਿਛਲੇ ਇਕ ਸਾਲ ਤੋਂ ਕੁਸ਼ਤੀ ਤੋਂ ਦੂਰ ਹਨ ਅਤੇ ਹੁਣ ਟਰਾਇਲਾਂ ’ਚ ਉਨ੍ਹਾਂ ਨੂੰ ਛੋਟ ਦੇਣਾ ਗਲਤ ਹੈ।’
ਯੋਗੇਸ਼ਵਰ ਦੱਤ ਨੇ ਖਾਪ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਅੰਦੋਲਨ ਦੇ ਰਾਹ ਪਏ ਪਹਿਲਵਾਨਾਂ ਦੇ ਇਰਾਦਿਆਂ ਨੂੰ ਸਮਝਣ ਦੀ ਅਪੀਲ ਕੀਤੀ ਹੈ।