ਨਿਊਯਾਰਕ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੰਯੁਕਤ ਰਾਸ਼ਟਰ ‘ਚ ਇਸ ਹਫਤੇ ਆਪਣੀ ਸਰਕਾਰ ਦੀ ਵਚਨਬੱਧਤਾ ਸਬੰਧੀ ਪ੍ਰਚਾਰ ਮੁਹਿੰਮ ਸ਼ੁਰੂ ਕਰਨਗੇ, ਜਿਸ ਤਹਿਤ ਉਹ ਵਿਕਾਸਸ਼ੀਲ ਦੇਸ਼ਾਂ ‘ਚ ਪ੍ਰਾਈਵੇਟ ਸੈਕਟਰ ਨਿਵੇਸ਼ ਨੂੰ ਪ੍ਰਫੁੱਲਤ ਕਰਨ, ਔਰਤਾਂ ਨੂੰ ਸਿੱਖਿਆ ਦੇਣ, ਮੌਸਮ ਤੇ ਵਾਤਾਵਰਨ ਸਬੰਧੀ ਆ ਰਹੀਆਂ ਮੁਸ਼ਕਲਾਂ ਨਾਲ ਨਿਪਟਣ ਲਈ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਕੈਨੇਡਾ ਸੰਯੁਕਤ ਰਾਸ਼ਟਰ ਸਕਿਓਰਿਟੀ ਕੌਂਸਲ ਦੀ ਸੀਟ ਲਈ ਆਪਣੇ ਦਾਅਵੇਦਾਰੀ ਪੱਕੀ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਟਰੂਡੋ ਨਿਊਯਾਰਕ ਦੀ ਸੰਯੁਕਤ ਰਾਸ਼ਟਰ ਅਸੈਂਬਲੀ ‘ਚ ਇਸ ਸਬੰਧੀ ਤਿੰਨ ਦਿਨਾ ਦੌਰਾ ਕਰਨਗੇ। ਇਸ ਦੌਰਾਨ ਉਹ ਸਕਿਓਰਿਟੀ ਕੌਂਸਲ ‘ਚ 2021-2022 ਦੌਰਾਨ ਕੈਨੇਡਾ ਦੀ ਸੀਟ ਪੱਕੀ ਕਰਨ ਸਬੰਧੀ ਵਿੱਢੀ ਮੁਹਿੰਮ ਦੀ ਅਗਵਾਈ ਕਰਨਗੇ।

ਜ਼ਿਕਰਯੋਗ ਹੈ ਕਿ ਯੂ.ਐੱਨ. ਸਕਿਓਰਿਟੀ ਕੌਂਸਲ ‘ਚ 10 ਰੋਟੇਟਿੰਗ ਤੇ ਅਸਥਿਰ ਸੀਟਾਂ ਹਨ, ਜਿਨ੍ਹਾਂ ‘ਚੋਂ ਇਕ ਸੀਟ ਹਾਸਲ ਕਰਨ ਲਈ ਕੈਨੇਡਾ ਬਹੁਤ ਮਿਹਨਤ ਕਰ ਰਿਹਾ ਹੈ। ਹਾਲਾਂਕਿ ਟਰੂਡੋ ਇਸ ਸਾਲ ਕੈਨੇਡਾ ‘ਚ ਜਨਰਲ ਅਸੈਂਬਲੀ ਨੂੰ ਵੀ ਸੰਬੋਧਿਤ ਕਰਨਗੇ, ਕਿਉਂਕਿ ਉਹ ਆਪਣਾ ਜ਼ਿਆਦਾਤਰ ਸਮਾਂ ਯੂ.ਐੱਨ. ‘ਚ ਬਿਤਾਉਣਗੇ, ਜਿਥੇ ਵੱਡੀ ਗਿਣਤੀ ‘ਚ ਵਿਸ਼ਵ ਪੱਧਰ ਦੇ ਮੰਤਰੀਆਂ ਨਾਲ ਉਹ ਮੁਲਾਕਾਤ ਕਰਨਗੇ।