ਲਖਨਊ, 9 ਨਵੰਬਰ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਲਖੀਮਪੁਰ ਖੀਰੀ ਮਾਮਲੇ ਦੀ ਜਾਂਚ ’ਤੇ ਸੁਪਰੀਮ ਕੋਰਟ ਦੇ ਸਖ਼ਤ ਰੁਖ ਬਾਰੇ ਅੱਜ ਰਾਜ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਸ ਦੇ ਤਿੰਨ ਇੰਜਣ ਕਾਨੂੰਨ ਵਿਵਸਥਾ ਨੂੰ ਤਬਾਹ ਕਰ ਰਹੇ ਹਨ। ਅਖਿਲੇਸ਼ ਨੇ ਇੱਥੇ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਸੁਪਰੀਮ ਕੋਰਟ ਨੇ ਕਿਹਾ ਹੈ ਕਿ ਲਖੀਮਪੁਰ ਮਾਮਲੇ ‘ਚ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ। ਅਦਾਲਤਾਂ ਨੇ ਪਹਿਲਾਂ ਵੀ ਕਈ ਵਾਰ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਸਰਕਾਰ ਜਾਂਚ ਦੀ ਨਿਗਰਾਨੀ ਕਿਉਂ ਨਹੀਂ ਕਰਨਾ ਚਾਹੁੰਦੀ? ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਜਦੋਂ ਤੱਕ ਇੱਥੇ ਭਾਜਪਾ ਦੀ ਸਰਕਾਰ ਹੈ, ਇਨਸਾਫ ਦੀ ਉਮੀਦ ਛੱਡ ਦਿਓ।’ ਉਨ੍ਹਾਂ ਦੋਸ਼ ਲਾਇਆ, ‘‘ਤਿੰਨ ਇੰਜਣ ਕਾਨੂੰਨ ਵਿਵਸਥਾ ਨੂੰ ਤਬਾਹ ਕਰ ਰਹੇ ਹਨ। ਦਿੱਲੀ ਇੰਜਣ, ਲਖਨਊ ਇੰਜਣ ਅਤੇ ਲਖੀਮਪੁਰ ਇੰਜਣ। ਗ੍ਰਹਿ ਰਾਜ ਮੰਤਰੀ (ਅਜੈ ਮਿਸ਼ਰਾ), ਜਿਸ ਦੇ ਪੁੱਤਰ ਨੂੰ ਇਸ ਮਾਮਲੇ (ਲਖੀਮਪੁਰ ਕੇਸ) ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਹਾਲੇ ਤੱਕ ਬਰਖਾਸਤ ਨਹੀਂ ਕੀਤਾ ਗਿਆ।’