ਲੰਡਨ : ਯੂ.ਕੇ. ’ਚ ਆ ਕੇ ਪਿਛਲੇ 17 ਸਾਲਾਂ ਤੋਂ ਅਪਣੇ ਪੰਜਾਬ ਵਸਦੇ ਪਰਵਾਰ ਨੂੰ ਮਿਲਣ ਲਈ ਤਰਸ ਰਹੇ ਨਿਰਮਲ ਸਿੰਘ ਯੂਨਾਈਟਿਡ ਸਿੱਖਸ ਯੂ.ਕੇ. ਦੀ ਮਦਦ ਨਾਲ ਇਕ ਵਾਰੀ ਫਿਰ ਅਪਣੇ ਦੇਸ਼ ਪਰਤ ਸਕੇਗਾ। ਨਿਰਮਲ ਸਿੰਘ 2007 ’ਚ ਯੂ.ਕੇ. ਆਏ ਸਨ। ਪਰ ਉਦੋਂ ਤੋਂ ਹੁਣ ਤਕ ਇਕ ਵਾਰੀ ਵੀ ਉਹ ਪੰਜਾਬ ’ਚ ਅਪਣੇ ਪਰਵਾਰ ਨਾਲ ਮਿਲਣ ਨਹੀਂ ਜਾ ਸਕੇ ਕਿਉਂਕਿ ਉਨ੍ਹਾਂ ਕੋਲ ਪਾਸਪੋਰਟ ਨਹੀਂ। ਪਰ ਜਦੋਂ ਉਨ੍ਹਾਂ ਨੂੰ ਲੰਡਨ ਦੇ ਸਾਊਥਾਲ ’ਚ ਪਾਰਕ ਐਵੀਨਿਊ ਵਿਖੇ ਸ੍ਰੀ ਗਰੂ ਸਿੰਘ ਸਭਾ ਗੁਰਦੁਆਰਾ ’ਚ ਸਥਿਤ ਯੂਨਾਈਟਿਡ ਸਿੱਖਸ ਦੀ ਟੀਮ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੀ ਜ਼ਿੰਦਗੀ ’ਚ ਆਸ ਦੀ ਇਕ ਕਿਰਨ ਜਾਗ ਪਈ।

ਯੂ.ਕੇ. ਦੀ ਸੋਸ਼ਲ ਸਰਵੀਸਿਜ਼ ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਭਾਰਤ ਵਾਪਸ ਭੇਜਣ ਦਾ ਪ੍ਰਬੰਧ ਕਰਨ ਲਈ ਅਣਥੱਕ ਮਿਹਨਤ ਕੀਤੀ ਅਤੇ ਉਨ੍ਹਾਂ ਨੂੰ ਹਵਾਈ ਜਹਾਜ਼ ਦੀ ਟਿਕਟ ਅਤੇ ਈ.ਸੀ. ਦਿਵਾਈ। ਯੂ.ਕੇ. ਤੋਂ ਤੁਰਨ ਲਗਿਆਂ ਉਨ੍ਹਾਂ ਨੇ ਯੂਨਾਈਟਡ ਸਿੱਖਜ਼ ਦਾ ਧਨਵਾਦ ਕਰਦਿਆਂ ਕਿਹਾ, ‘‘ਪਰਵਾਰਾਂ ’ਚ ਕਈ ਸਮੱਸਿਆਵਾਂ ਹੁੰਦੀਆਂ ਨੇ ਜਿਸ ਕਾਰਨ ਮੈਂ ਪੰਜਾਬ ’ਚ ਵਾਪਸ ਜਾਣਾ ਚਾਹੁੰਦਾ ਹਾਂ। ਪਰ ਮੈਂ ਪਾਸਪੋਰਟ ਨਾ ਹੋਣ ਕਾਰਨ ਯੂ.ਕੇ. ’ਚ ਫਸਿਆ ਸੀ। ਮੈਨੂੰ ਗੁਰੂ ਘਰ ਤੋਂ ਯੂਨਾਈਟਡ ਸਿੱਖਜ਼ ਬਾਰੇ ਪਤਾ ਲੱਗਾ ਕਿ ਉਹ ਮੇਰੇ ਵਰਗਿਆਂ ਦੀ ਮਦਦ ਕਰਦੇ ਹਨ। ਇਨ੍ਹਾਂ ਦੀ ਸਰਵਿਸ ਬਹੁਤ ਵਧੀਆ ਹੈ। ਇਨ੍ਹਾਂ ਦਾ ਬਹੁਤ-ਬਹੁਤ ਧਨਵਾਦ।’’

ਨਰਪਿੰਦਰ ਕੌਰ ਮਾਨ ਨੇ ਨਿਰਮਲ ਸਿੰਘ ਨੂੰ ਭਾਰਤ ਵਾਪਸੀ ਦੀ ਟਿਕਟ, ਈ.ਸੀ. ਅਤੇ ਹਵਾਈ ਅੱਡੇ ਤੋਂ ਜਾਣ ਲਈ ਹੋਰ ਜ਼ਰੂਰੀ ਚੀਜ਼ਾਂ ਦਿਤੀਆਂ। ਉਨ੍ਹਾਂ ਨੇ ਨਿਰਮਲ ਸਿੰਘ ਨੂੰ 3000 ਪਾਊਂਡ ਵੀ ਦਿਤੇ ਜੋ ਭਾਰਤ ਆ ਕੇ ਉਹ ਕਢਵਾ ਸਕਦੇ ਹਨ।