ਚੰਡੀਗੜ, 17 ਜਨਵਰੀ

ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਯੂਥ ਕਾਂਗਰਸ ਦੇ ਵਰਕਰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਦਾ ਸੁਨੇਹਾ ਪੰਜਾਬ ਦੇ ਘਰ ਘਰ ਤੱਕ ਲੈਕੇ ਜਾਵੇਗੀ।

ਉਹ ਅੱਜ ਇੱਥੇ ਯੂਥ ਕਾਂਗਰਸ ਦੀ ਨਵੀਂ ਬਾਡੀ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਸ: ਮਨਮੋਹਨ ਸਿੰਘ ਦੀ ਸਰਕਾਰ ਨੇ 10 ਸਾਲਾਂ ਵਿਚ ਕ੍ਰਾਂਤੀਕਾਰੀ ਕੰਮ ਕੀਤੇ ਸਨ ਜਦ ਕਿ ਹੁਣ ਪੰਜਾਬ ਵਿਚ ਵੀ ਕਾਂਗਰਸ ਸਰਕਾਰ ਨੇ ਤਿੰਨ ਸਾਲਾਂ ਵਿਚ ਵੱਡੇ ਕੰਮ ਕੀਤੇ ਹਨ। ਉਨਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਲੋਕ ਸੇਵਾ ਲਈ ਕੀਤੇ ਕੰਮਾਂ ਨੂੰ ਜਨਤਾ ਵਿਚ ਲੈਕੇ ਜਾਣ ਦੀ ਜਰੂਰਤ ਹੈ ਅਤੇ ਯੂਥ ਕਾਂਗਰਸ ਇਹ ਫਰਜ ਬਾਖੂਬੀ ਨਿਭਾਏਗੀ।

ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸ: ਮਨਮੋਹਨ ਸਿੰਘ ਸਰਕਾਰ ਦੀ ਸਰਕਾਰ ਨੇ ਭੋਜਨ ਸੁਰੱਖਿਆ ਕਾਨੂੰਨ ਬਣਾ ਕੇ ਦੇਸ਼ ਦੇ ਲੋਕਾਂ ਲਈ 2 ਰੁਪਏ ਕਿਲੋ ਅਨਾਜ ਦੇਣ ਦੀ ਯੋਜਨਾਂ ਲਾਗੂ ਕੀਤੀ ਸੀ। ਇਸੇ ਤਰਾਂ ਮਗਨਰੇਗਾ ਸਕੀਮ ਰਾਹੀਂ ਪੇਂਡੂ ਲੋਕਾਂ ਲਈ 100 ਦਿਨ ਦਾ ਰੋਜਗਾਰ ਦੇਣ ਦੀ ਗਾਰੰਟੀ ਵੀ ਕਾਂਗਰਸ ਸਰਕਾਰ ਨੇ ਦਿੱਤੀ। ਸੂਚਨਾਂ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ ਕਾਨੂੰਨ ਆਦਿ ਵੀ ਕਾਂਗਰਸ ਸਰਕਾਰ ਨੇ ਲਾਗੂ ਕੀਤੇ ਸਨ।

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਗੱਲ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਉਨਾਂ ਦੀ ਪਾਰਟੀ ਨੇ 5.80 ਲੱਖ ਕਿਸਾਨਾਂ ਦੇ ਕਰਜੇ ਮਾਫ ਕੀਤੇ ਹਨ। ਇਸੇ ਤਰਾਂ 44 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਵਿਚ ਸ਼ਾਮਿਲ ਕਰਕੇ ਉਨਾਂ ਨੂੰ 5 ਲੱਖ ਰੁਪਏ ਦੇ ਨਗਦੀ ਰਹਿਤ ਇਲਾਜ ਦੀ ਸਹੁਲਤ ਦਿੱਤੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਇਸ ਸਮੇਂ ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਿਚ ਨਫਰਤ ਦੀ ਰਾਜਨੀਤੀ ਕਰ ਰਹੀ ਹੈ ਅਤੇ ਵਿਕਾਸ, ਨੌਜਵਾਨਾਂ ਲਈ ਰੋਜਗਾਰ, ਸਿੱਖਿਆ, ਮਹਿੰਗਾਈ ਨਿਯੰਤਰਣ ਆਦਿ ਸਭ ਮੁੱਦਿਆਂ ਤੇ ਫੇਲ ਹੋਈ ਭਾਜਪਾ ਸਰਕਾਰ ਹੁਣ ਨਫਰਤ ਦੀ ਖੇਤੀ ਕਰ ਰਹੀ ਹੈ। ਉਨਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਮੋਦੀ ਸਰਕਾਰ ਦੀ ਇਸ ਗੰਦੀ ਰਾਜਨੀਤੀਕ ਖੇਡ ਤੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਦੇਸ਼ ਦੇ ਸੰਵਿਧਾਨ ਦੀ ਰਾਖੀ ਲਈ ਆਪਣੇ ਫਰਜ ਨਿਭਾਉਣ।

ਸ੍ਰੀ ਜਾਖੜ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਸਰਕਾਰ ਦੇ ਪਿੱਛੇ ਆਰ ਐਸ ਐਸ ਦੀ ਸੋਚ ਕੰਮ ਕਰ ਰਹੀ ਹੈ ਅਤੇ ਇਹ ਸੋਚ ਦੇਸ਼ ਦਾ ਫਿਰਕੂ ਮਹੌਲ ਵਿਗਾੜ ਰਹੀ ਹੈ। ਉਨਾਂ ਨੇ ਯੂਥ ਕਾਂਗਰਸ  ਦੇ ਵਰਕਰਾਂ ਨੂੰ ਸੂਬੇ ਵਿਚ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦੇ ਨਾਲ ਕਾਂਗਰਸ ਸਰਕਾਰ ਦੇ ਕੀਤੇ ਕੰਮਾਂ ਬਾਰੇ ਵੀ ਲੋਕਾਂ ਨੂੰ ਦੱਸਣ ਲਈ ਕਿਹਾ।

ਇਸ ਮੌਕੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਸ੍ਰੀ ਵਰਿੰਦਰ ਸਿੰਘ ਢਿੱਲੋਂ, ਪੰਜਾਬ ਯੂਥ ਕਾਂਗਰਸ ਦੇ ਪ੍ਰਭਾਰੀ ਬੰਟੀ ਸੈਲਕੇ, ਪੰਜਾਬ ਮਹਿਲਾ ਕਾਂਗਰਸ ਪ੍ਰਭਾਰੀ ਸ੍ਰੀਮਤੀ ਮਮਤਾ ਭੁਪੇਸ਼ ਮੰਤਰੀ ਰਾਜਸਥਾਨ ਸਰਕਾਰ ਅਤੇ ਪੰਜਾਬ ਮਹਿਲਾ ਕਾਂਗਰਸ  ਦੇ ਪ੍ਰਧਾਨ ਮਮਤਾ ਦੱਤਾ ਵੀ ਹਾਜਰ ਸਨ।