ਸੰਗਰੂਰ/ਧੂਰੀ, ਥਾਣਾ ਸਦਰ ਧੂਰੀ ’ਚ ਪੁਲੀਸ ਵੱਲੋਂ ਯੂਥ ਕਾਂਗਰਸ ਆਗੂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਦਾ ਮਾਮਲਾ ਗਰਮਾ ਗਿਆ ਹੈ। ਪੰਜਾਬ ਯੂਥ ਕਾਂਗਰਸ ਨੇ ਕੁੱਟਮਾਰ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮਗਰੋਂ ਅੱਜ ਥਾਣਾ ਸਦਰ ਧੂਰੀ ਦੇ ਐਸਐਚਓ ਗੁਰਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਦੀ ਕੁੱਟਮਾਰ ਦਾ ਸ਼ਿਕਾਰ ਹੋਇਆ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਧੂਰੀ ਦਾ ਇੰਚਾਰਜ ਮਿੱਠੂ ਲੱਡਾ ਸਿਵਲ ਹਸਪਤਾਲ ਧੂਰੀ ’ਚ ਜ਼ੇਰੇ ਇਲਾਜ ਹੈ। ਉਸ ਦੀ ਪਿੱਠ, ਲੱਤਾਂ ਅਤੇ ਸ਼ਰੀਰ ’ਤੇ ਕੁੱਟਮਾਰ ਦੇ ਨਿਸ਼ਾਨ ਹਨ। ਅੱਜ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਹੇਮੰਤ ਓਗਲੇ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ, ਵਿਧਾਇਕ ਦਲਵੀਰ ਸਿੰਘ ਗੋਲਡੀ ਸਮੇਤ ਕਈ ਆਗੂ ਹਸਪਤਾਲ ’ਚ ਮਿੱਠੂ ਲੱਡਾ ਦਾ ਪਤਾ ਲੈਣ ਲਈ ਪੁੱਜੇ।
ਸ੍ਰੀ ਓਗਲੇ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਦੇ ਹੁਕਮਾਂ ’ਤੇ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰੰਤੂ ਉਹ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਕਿਹਾ ਕਿ ਭਲਕੇ 19 ਜੂਨ ਨੂੰ ਮੁੱਖ ਮੰਤਰੀ ਤੋਂ ਮਿਲਣ ਦਾ ਸਮਾਂ ਮੰਗਿਆ ਗਿਆ ਹੈ। ਉਹ ਸਮੁੱਚੀ ਘਟਨਾ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਾਉਣਗੇ ਅਤੇ ਮੰਗ ਕਰਨਗੇ ਕਿ ਘਟਨਾ ਲਈ ਜ਼ਿੰਮੇਵਾਰ ਥਾਣਾ ਮੁਖੀ ਸਮੇਤ ਹੋਰ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੇ ਰਾਜ ਵਿੱਚ ਹੀ ਪੁਲੀਸ ਯੂਥ ਕਾਂਗਰਸ ਆਗੂ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ। ਜ਼ਿਕਰਯੋਗ ਹੈ ਕਿ ਪਿੰਡ ਲੱਡਾ ਵਿਖੇ ਸ਼ਨਿੱਚਰਵਾਰ ਨੂੰ ਪੰਚਾਇਤ ਵਿਭਾਗ ਦੇ ਅਧਿਕਾਰੀ ਸਮੇਤ ਪੁਲੀਸ ਪਾਰਟੀ ਦੇ ਇੱਕ ਮਕਾਨ ਅੱਗੇ ਨਿਕਾਸੀ ਨਾਲੀ ਉਪਰ ਬਣੇ ਨਾਜਾਇਜ਼ ਰੈਂਪ ਨੂੰ ਹਟਾਉਣ ਲਈ ਗਏ ਸੀ ਜਿਥੇ ਮਕਾਨ ਮਾਲਕ ਮਹਿਲਾ ਮਨਜੀਤ ਕੌਰ ਤੇ ਉਸ ਦੀ ਲੜਕੀ ਜਸ਼ਨਪ੍ਰੀਤ ਕੌਰ ਪੁਲੀਸ ਮੁਲਾਜ਼ਮਾਂ ਨਾਲ ਉਲਝ ਪਈਆਂ। ਇਸ ਦੌਰਾਨ ਇੱਕ ਮਹਿਲਾ ਕਾਂਸਟੇਬਲ ਜ਼ਖ਼ਮੀ ਹੋ ਗਈ ਸੀ। ਪੁਲੀਸ ਮਾਂ-ਧੀ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲੈ ਗਈ ਸੀ।
ਯੂਥ ਕਾਂਗਰਸ ਆਗੂ ਮਿੱਠੂ ਲੱਡਾ ਆਪਣੇ ਪਿੰਡ ਦਾ ਮਾਮਲਾ ਨਿਬੇੜਨ ਲਈ ਥਾਣੇ ਪੁੱਜੇ ਅਤੇ ਉਸ ਨੇ ਨਾਬਾਲਗ ਲੜਕੀ ਨੂੰ ਪੁਲੀਸ ਹਿਰਾਸਤ ਵਿੱਚ ਰੱਖਣ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਰਾਤ ਨੂੰ 9 ਵਜੇ ਮਿੱਠੂ ਲੱਡਾ ਨੇ ਪਿੰਡ ਦੇ ਹੋਰ ਲੋਕਾਂ ਸਮੇਤ ਥਾਣੇ ਅੱਗੇ ਧਰਨਾ ਲਗਾ ਦਿੱਤਾ। ਪੁਲੀਸ ਨੇ ਦੇਰ ਰਾਤ ਲਾਠੀਚਾਰਜ ਕਰਕੇ ਧਰਨਾਕਾਰੀਆਂ ਨੂੰ ਖਦੇੜ ਦਿੱਤਾ ਜਦੋਂ ਕਿ ਮਿੱਠੂ ਲੱਡਾ ਨੂੰ ਪੁਲੀਸ ਥਾਣੇ ਲੈ ਗਈ। ਮਿੱਠੂ ਲੱਡਾ ਨੇ ਦੋਸ਼ ਲਾਇਆ ਸੀ ਕਿ ਰਾਤ ਨੂੰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਝੂਠਾ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਐਤਵਾਰ ਨੂੰ ਪੰਜਾਬ ਯੂਥ ਕਾਂਗਰਸ ਦੇ ਆਗੂ ਬਨੀ ਖਹਿਰਾ ਸਮੇਤ ਕਈ ਆਗੂ ਪੁੱਜੇ ਸਨ ਜਿਨ੍ਹਾਂ ਮਿੱਠੂ ਲੱਡਾ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਅਤੇ ਪੁਲੀਸ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦਿਆਂ ਮੰਗ ਕੀਤੀ ਕਿ ਕੁੱਟਮਾਰ ਕਰਨ ਵਾਲੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਇਸ ਸਬੰਧ ਵਿੱਚ ਐਸਪੀ ਹਰਮੀਤ ਸਿੰਘ ਹੁੰਦਲ ਨੇ ਥਾਣਾ ਮੁਖੀ ਗੁਰਪ੍ਰਤਾਪ ਸਿੰਘ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਐਸਪੀ ਹੈੱਡਕੁਆਰਟਰ ਹਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।