ਬਿਊਨਸ ਆਇਰਸ, 18 ਅਕਤੂਬਰ
ਪ੍ਰਵੀਨ ਚਿਤਰਾਵਲ ਨੇ ਇੱਥੇ ਪੁਰਸ਼ ਤੀਹਰੀ ਛਾਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ, ਜੋ ਯੂਥ ਓਲੰਪਿਕ ਦੀ ਅਥਲੈਟਿਕਸ ਮੁਕਾਬਲੇ ਵਿੱਚ ਭਾਰਤ ਦਾ ਦੂਜਾ ਤਗ਼ਮਾ ਹੈ। ਪ੍ਰਵੀਨ 15.68 ਮੀਟਰ ਦੀ ਦੂਰੀ ਪਾਰ ਕਰਕੇ ਦੂਜੇ ਗੇੜ ਦੇ ਮੁਕਾਬਲੇ ਵਿੱਚ ਪੰਜਵੇਂ ਸਥਾਨ ’ਤੇ ਰਿਹਾ, ਪਰ ਪਹਿਲੇ ਗੇੜ ਵਿੱਚ ਉਹ 15.84 ਮੀਟਰ ਦੀ ਦੂਰੀ ਨਾਲ ਤੀਜੇ ਸਥਾਨ ’ਤੇ ਰਿਹਾ ਸੀ। ਇਸ ਤਰ੍ਹਾਂ ਪੂਰੇ ਨਤੀਜੇ ਮਗਰੋਂ ਉਹ 31.52 ਮੀਟਰ ਨਾਲ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਸਫਲ ਰਿਹਾ।
ਨਵੇਂ ਨਿਯਮ ਅਨੁਸਾਰ, ਯੂਥ ਓਲੰਪਿਕ ਦੇ ਟਰੈਕ ਐਂਡ ਫੀਲਡ (ਚਾਰ ਕਿਲੋਮੀਟਰ ਕ੍ਰਾਸ ਕੰਟਰੀ ਨੂੰ ਛੱਡ ਕੇ) ਫਾਈਨਲ ਨਹੀਂ ਹੋਵੇਗਾ। ਹਰੇਕ ਮੁਕਾਬਲਾ ਦੋ ਵਾਰ ਹੋਵੇਗਾ ਅਤੇ ਦੋਵੇਂ ਗੇੜ ਦੇ ਨਤੀਜਿਆਂ ਨੂੰ ਮਿਲਾ ਕੇ ਆਖ਼ਰੀ ਸੂਚੀ ਤਿਆਰ ਹੋਵੇਗੀ।
ਕਿਊਬਾ ਦੇ ਅਲੇਜ਼ਾਂਦਰੋ ਡਿਆਜ਼ ਨੇ ਕੁੱਲ 34.18 ਮੀਟਰ ਨਾਲ ਸੋਨਾ, ਜਦਕਿ ਨਾਇਜੀਰੀਆ ਦੇ ਇਮੈਨੂਅਲ ਓਰਟਿਸਮੇਯਵਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਦਾ ਯੂਥ ਓਲੰਪਿਕ ਦੇ ਅਥਲੈਟਿਕਸ ਮੁਕਾਬਲੇ ਵਿੱਚ ਇਹ ਦੂਜਾ ਤਗ਼ਮਾ ਹੈ। ਸੂਰਜ ਪੰਵਾਰ ਨੇ ਕੱਲ੍ਹ ਪੁਰਸ਼ਾਂ ਦੀ 5000 ਮੀਟਰ ਪੈਦਲ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਓਵਰਆਲ ਭਾਰਤ ਦਾ ਇਨ੍ਹਾਂ ਖੇਡਾਂ ਵਿੱਚ ਇਹ 12ਵਾਂ ਤਗ਼ਮਾ ਹੈ, ਜਿਸ ਵਿੱਚ ਤਿੰਨ ਸੋਨੇ, ਅੱਠ ਚਾਂਦੀ ਅਤੇ ਇੱਕ ਕਾਂਸੀ ਸ਼ਾਮਲ ਹੈ।