ਲੰਡਨ, 22 ਜੂਨ

ਯੂਕੇ ਨੂੰ ਪਿਛਲੇ 30 ਸਾਲਾਂ ਵਿਚ ਰੇਲ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਹੜਤਾਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ 50 ਹਜ਼ਾਰ ਮੁਲਾਜ਼ਮ ਤਨਖ਼ਾਹਾਂ ਵਧਾਉਣ ਦੀ ਮੰਗ ’ਤੇ ਕੰਮ ਛੱਡ ਕੇ ਹੜਤਾਲ ਉਤੇ ਚਲੇ ਗਏ ਹਨ। ਹੜਤਾਲ ਦਾ ਮੁਲਕ ਵਿਚ ਆਵਾਜਾਈ ਉਤੇ ਬਹੁਤ ਮਾੜਾ ਅਸਰ ਪਿਆ ਹੈ। ਅੱਜ ਹੋਈ ਹੜਤਾਲ ਇੰਗਲੈਂਡ, ਸਕਾਟਲੈਂਡ ਤੇ ਵੇਲਜ਼ ਤੱਕ ਫੈਲ ਗਈ ਹੈ। ਵੀਰਵਾਰ ਤੇ ਸ਼ਨਿਚਰਵਾਰ ਨੂੰ ਵੀ ਮੁਲਾਜ਼ਮ ਹੜਤਾਲ ਕਰਨ ਦੀ ਯੋਜਨਾ ਬਣਾ ਰਹੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਲੋੜ ਪੈਣ ਉਤੇ ਹੀ ਰੇਲ ਯਾਤਰਾ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਅੱਧੇ ਨੈੱਟਵਰਕ ਉਤੇ ਰੇਲ ਗੱਡੀਆਂ ਨਹੀਂ ਚੱਲ ਰਹੀਆਂ। ਪੰਜ ਪਿੱਛੇ ਸਿਰਫ਼ ਇਕ ਰੇਲ ਹੀ ਚੱਲ ਰਹੀ ਹੈ। ਇਸ ਦੌਰਾਨ ਗਲਾਸਗੋ ਤੋਂ ਐਡਿਨਬਰਗ, ਕੌਰਨਵਾਲ ਤੱਕ ਕੋਈ ਰੇਲ ਗੱਡੀ ਨਹੀਂ ਚੱਲ ਰਹੀ ਤੇ ਨਾ ਹੀ ਸਵੈਂਸੀ ਜਾਂ ਹੋਲੀਹੈੱਡ ਤੱਕ ਕੋਈ ਗੱਡੀ ਚੱਲ ਰਹੀ ਹੈ। ‘ਨੈੱਟਵਰਕ ਰੇਲ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਂਡਰਿਊ ਹੇਨਜ਼ ਨੇ ਕਿਹਾ ਕਿ ਉਹ ਇਸ ਵੱਡੇ ਅੜਿੱਕੇ ਲਈ ਯਾਤਰੀਆਂ ਤੋਂ ਮੁਆਫ਼ੀ ਮੰਗਦੇ ਹਨ। ਇਹ ਕੰਪਨੀ ਬਰਤਾਨੀਆ ਦੇ ਰੇਲ ਢਾਂਚੇ ਨੂੰ ਚਲਾਉਂਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਤੇ ਮੁਲਾਜ਼ਮਾਂ ਦੀ ਯੂਨੀਅਨ ਵਿਚਾਲੇ 18 ਮਹੀਨਿਆਂ ਤੋ ਕਈ ਮੁੱਦਿਆਂ ਉਤੇ ਗੱਲਬਾਤ ਚੱਲ ਰਹੀ ਸੀ। ਦੱਸਣਯੋਗ ਹੈ ਕਿ ‘ਲੰਡਨ ਅੰਡਰਗਰਾਊਂਡ’ ਦੇ ਵਰਕਰ ਵੀ ਪੈਨਸ਼ਨ ਤੇ ਨੌਕਰੀਆਂ ਖੁੱਸਣ ਜਿਹੇ ਮੁੱਦਿਆਂ ’ਤੇ ਹੜਤਾਲ ’ਤੇ ਹਨ।