ਲਵੀਵ (ਯੂਕਰੇਨ), 12 ਮਾਰਚ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸ ‘ਤੇ ਮੇਲੀਤੋਪੋਲ ਸ਼ਹਿਰ ਦੇ ਮੇਅਰ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਇਸ ਦੀ ਤੁਲਨਾ “ਆਈਐੱਸਆਈਐੱਸ ਦੇ ਅਤਿਵਾਦੀਆਂ” ਦੀਆਂ ਕਾਰਵਾਈਆਂ ਨਾਲ ਕੀਤੀ।  ਰਾਸ਼ਟਰਪਤੀ ਨੇ ਕਿਹਾ ਕਿ ਉਹ ਦਹਿਸ਼ਤ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਗਏ ਹਨ, ਜਿਸ ਵਿੱਚ ਉਹ ਯੂਕਰੇਨ ਦੇ ਸਥਾਨਕ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਖਤਮ ਕਰਨ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ੇਲੈਂਸਕੀ ਨੇ ਵੀਡੀਓ ਸੰਬੋਧਨ ਵਿੱਚ ਇਹ ਦਾਅਵਾ ਕੀਤਾ। ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਉਪ ਮੁਖੀ, ਕਿਰਿਲ ਤਿਮੋਸ਼ੈਂਕੋ ਨੇ ਸੋਸ਼ਲ ਮੀਡੀਆ ਸਾਈਟ ਟੈਲੀਗ੍ਰਾਮ ‘ਤੇ ਵੀਡੀਓ ਪੋਸਟ ਕੀਤਾ ਅਤੇ ਕਿਹਾ ਕਿ ਵੀਡੀਓ ਵਿੱਚ ਮੇਅਰ ਇਵਾਨ ਫੇਦੋਰੋਵ ਨੂੰ ਚੌਰਾਹੇ ‘ਤੇ ਲਿਜਾ ਰਹੇ ਹਥਿਆਰਬੰਦ ਵਿਅਕਤੀਆਂ ਦੇ ਇੱਕ ਸਮੂਹ ਨੂੰ ਦਿਖਾਇਆ ਗਿਆ ਹੈ।